ਨਵੀਂ ਦਿੱਲੀ, 24 ਜੁਲਾਈ
ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ 2200 ਕਰੋੜ ਰੁਪਏ ਦੇ ‘ਫ਼ਰਜ਼ੀ ਲੈਣ-ਦੇਣ’ ਦੀ ਸ਼ਨਾਖ਼ਤ ਕੀਤੀ ਹੈ। ਇਹ ਦਾਅਵਾ ਆਮਦਨ ਕਰ ਵਿਭਾਗ ਵੱਲੋਂ ਇਸੇ ਹਫ਼ਤੇ ਦੈਨਿਕ ਭਾਸਕਰ ਮੀਡੀਆ ਗਰੁੱਪ ’ਤੇ ਵੱਖ-ਵੱਖ ਸ਼ਹਿਰਾਂ ਵਿਚ ਮਾਰੇ ਗਏ ਛਾਪਿਆਂ ਤੋਂ ਬਾਅਦ ਕੀਤਾ ਗਿਆ ਹੈ। ਜ਼ਿਕਰਯੋਗ ਹੈੈ ਕਿ ਇਸੇ ਹਫ਼ਤੇ ਭਾਸਕਰ ਗਰੁੱਪ ਦੇ ਦਫ਼ਤਰਾਂ ਉਤੇ ਕਈ ਸ਼ਹਿਰਾਂ ਵਿਚ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਸਨ। ਬੋਰਡ ਨੇ ਕਿਹਾ ਕਿ 22 ਜੁਲਾਈ ਨੂੰ ਭੁਪਾਲ, ਇੰਦੌਰ, ਦਿੱਲੀ, ਅਹਿਮਦਾਬਾਦ, ਨੋਇਡਾ ਤੇ ਕੁਝ ਹੋਰ ਥਾਵਾਂ ਉਤੇ ਆਰੰਭੀ ਗਈ ਜਾਂਚ ‘ਅਜੇ ਜਾਰੀ ਹੈ ਤੇ ਹੋਰ ਪੜਤਾਲ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਛਾਪਿਆਂ ਦੌਰਾਨ ਬਰਾਮਦ ਹੋਈ ਸਮੱਗਰੀ ਨੂੰ ਘੋਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੀਬੀਡੀਟੀ ਹੀ ਆਈਟੀ ਵਿਭਾਗ ਲਈ ਨੀਤੀ ਨਿਰਧਾਰਿਤ ਕਰਦਾ ਹੈ। ਬਿਆਨ ਵਿਚ ਹਾਲਾਂਕਿ ਸੀਬੀਡੀਟੀ ਨੇ ਗਰੁੱਪ ਦਾ ਨਾਂ ਨਹੀਂ ਲਿਆ, ਪਰ ਸੂਤਰਾਂ ਮੁਤਾਬਕ ਇਸ਼ਾਰਾ ਭੁਪਾਲ ਸਥਿਤ ਦੈਨਿਕ ਭਾਸਕਰ ਦੇ ਹੈੱਡਕੁਆਰਟਰ ਵੱਲ ਕੀਤਾ ਗਿਆ ਹੈ। ਭਾਸਕਰ ਗਰੁੱਪ ਦੇ ਹਿੱਤ ਕਈ ਕਾਰੋਬਾਰਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿਚ ਮੀਡੀਆ, ਊਰਜਾ, ਟੈਕਸਟਾਈਲ ਤੇ ਰੀਅਲ ਅਸਟੇਟ ਖੇਤਰ ਸ਼ਾਮਲ ਹੈ। ਗਰੁੱਪ ਦੀ ਸਾਲਾਨਾ ਕਮਾਈ ਛੇ ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਹੈ। ਬੋਰਡ ਨੇ ਕਿਹਾ ਕਿ ਗਰੁੱਪ ਦੀਆਂ ਕੰਪਨੀਆਂ ਜੋ ਕਿ ਵੱਖ-ਵੱਖ ਕਾਰੋਬਾਰੀ ਪਿਛੋਕੜ ਵਾਲੀਆਂ ਹਨ, ਵਿਚਾਲੇ ਕਰੀਬ 2200 ਕਰੋੜ ਰੁਪਏ ਦੇ ਫੰਡ ਟਰਾਂਸਫਰ ਹੋਏ ਹਨ। ਉਨ੍ਹਾਂ ਕਿਹਾ ਕਿ ਜਾਂਚ-ਪੜਤਾਲ ਵਿਚ ਇਹ ਲੈਣ-ਦੇਣ ਫ਼ਰਜ਼ੀ ਪਾਇਆ ਗਿਆ ਹੈ ਤੇ ਵਸਤਾਂ ਦੀ ਕੋਈ ਅਦਲਾ-ਬਦਲੀ ਹੋਈ ਹੀ ਨਹੀਂ। ਉਨ੍ਹਾਂ ਕਿਹਾ ਕਿ ਇਸ ਸਭ ਦੀ ਜਾਂਚ ਟੈਕਸ ਅਤੇ ਹੋਰ ਕਾਨੂੰਨਾਂ ਦੀ ਉਲੰਘਣਾ ਦੇ ਪੱਖ ਤੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੀਡੀਆ ਗਰੁੱਪ ਨੇ ਛਾਪਿਆਂ ਵਾਲੇ ਦਿਨ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ‘ਸਰਕਾਰ ਇਸ ਦੀ ਸੱਚੀ ਪੱਤਰਕਾਰੀ ਤੋਂ ਭੈਅ ਖਾ ਰਹੀ ਹੈ।’ ਸੀਬੀਡੀਟੀ ਨੇ ਬਿਆਨ ਵਿਚ ਕਿਹਾ ਹੈ ਕਿ ਗਰੁੱਪ ਦੀਆਂ 100 ਕੰਪਨੀਆਂ ਹਨ ਤੇ ਕਈ ਕੰਪਨੀਆਂ ਗਰੁੱਪ ਆਪਣੇ ਕਰਮਚਾਰੀਆਂ ਦੇ ਨਾਂ ਉਤੇ ਚਲਾ ਰਿਹਾ ਹੈ। ਇਨ੍ਹਾਂ ਦੀ ਵਰਤੋਂ ‘ਜਾਅਲੀ’ ਖ਼ਰਚੇ ਦਿਖਾਉਣ ਤੇ ਫੰਡ ਟਰਾਂਸਫਰ ਕਰਨ ਲਈ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਲਖ਼ਨਊ ਦੇ ਹਿੰਦੀ ਖ਼ਬਰ ਚੈਨਲ ‘ਭਾਰਤ ਸਮਾਚਾਰ’ ਦਾ ਨਾਂ ਲਏ ਬਿਨਾਂ ਬੋਰਡ ਨੇ ਕਿਹਾ ਕਿ 200 ਕਰੋੜ ਰੁਪਏ ਦੇ ‘ਬੇਹਿਸਾਬ ਲੈਣ-ਦੇਣ’ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ