ਨਵੀਂ ਦਿੱਲੀ, 7 ਮਾਰਚ
ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਨੇ ਦਾਅਵਾ ਕੀਤਾ ਹੈ ਕਿ ਤਾਮਿਲ ਨਾਡੂ ਨਾਲ ਸਬੰਧਤ ਦੱਖਣੀ ਭਾਰਤ ਦੇ ‘ਸਭ ਤੋਂ ਵੱਡੇ’ ਗਹਿਣਿਆਂ ਦੇ ਵਿਕਰੇਤਾ ਅਤੇ ਸੋਨਾ-ਚਾਂਦੀ ਦੇ ‘ਮੋਹਰੀ’ ਵਪਾਰੀ ਘਰਾਣੇ ਉਤੇ ਮਾਰੇ ਛਾਪਿਆਂ ਦੌਰਾਨ ਅਣਐਲਾਨੀ 1000 ਕਰੋੜ ਰੁਪਏ ਦਾ ਰਾਸ਼ੀ ਦੀ ਸ਼ਨਾਖ਼ਤ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੇ ਹਾਲੇ ਤੱਕ ਕਾਰੋਬਾਰੀ ਸਮੂਹ ਦਾ ਨਾਂ ਜ਼ਾਹਿਰ ਨਹੀਂ ਕੀਤਾ ਹੈ। ਛਾਪੇ ਚਾਰ ਮਾਰਚ ਨੂੰ ਚੇਨੱਈ, ਮੁੰਬਈ, ਕੋਇੰਬਟੂਰ, ਮਦੁਰਾਇ, ਤਿਰੁਚਿਰਾਪੱਲੀ, ਤ੍ਰਿਸੁਰ, ਨੇਲੌਰ, ਜੈਪੁਰ ਤੇ ਇੰਦੌਰ ਵਿਚ ਮਾਰੇ ਗਏ ਹਨ।
ਵਿਭਾਗ ਮੁਤਾਬਕ ਛਾਪਿਆਂ ਦੌਰਾਨ ਕਾਲੇ ਧਨ ਤੋਂ ਇਲਾਵਾ 1.2 ਕਰੋੜ ਰੁਪਏ ਦੀ ਨਗਦੀ ਅਜਿਹੀ ਬਰਾਮਦ ਕੀਤੀ ਗਈ ਹੈ ਜਿਸ ਦਾ ਕੋਈ ਲੇਖਾ-ਜੋਖਾ ਨਹੀਂ ਹੈ। ਗਹਿਣੇ ਵੇਚਣ ਵਾਲੇ ਸਮੂਹ ਨੇ ਸਥਾਨਕ ਫਾਇਨਾਂਸਰ ਕੋਲੋਂ ਨਗ਼ਦ ਕਰਜ਼ਾ ਲਿਆ ਹੈ। ਬਿਲਡਰਾਂ ਨੂੰ ਨਗ਼ਦ ਕਰਜ਼ੇ ਦਿੱਤੇ ਹਨ ਤੇ ਰਿਹਾਇਸ਼ੀ ਜਾਇਦਾਦਾਂ ਵਿਚ ਨਿਵੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੀਆਂ 234 ਸੀਟਾਂ ਲਈ ਵਿਧਾਨ ਸਭਾ ਚੋਣਾਂ ਛੇ ਅਪਰੈਲ ਨੂੰ ਹੋਣ ਜਾ ਰਹੀਆਂ ਹਨ। -ਪੀਟੀਆਈ