ਜੈਪੁਰ/ ਕੋਟਾ/ਬੀਕਾਨੇਰ, 8 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਯੂਨੀਅਨਾਂ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦੌਰਾਨ ਅੱਜ ਜੈਪੁਰ ਵਿੱਚ ਕਾਂਗਰਸ ਅਤੇ ਭਾਜਪਾ ਕਾਰਕੁਨਾਂ ਵਿਚਾਲੇ ਝੜਪ ਹੋ ਗਈ। ਰਾਜਸਥਾਨ ਵਿੱਚ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ, ਜਿੱਥੇ ਮੰਡੀਆਂ ਬੰਦ ਰਹੀਆਂ, ਪਰ ਕਈ ਥਾਵਾਂ ’ਤੇ ਦੁਕਾਨਾਂ ਖੁੱਲ੍ਹੀਆਂ ਸਨ। ਕੋਟਾ, ਜੋਧਪੁਰ, ਅਤੇ ਬੀਕਾਨੇਰ ਵਿੱਚ ਬੰਦ ਦਾ ਬਾਜ਼ਾਰਾਂ ਅਤੇ ਕਾਰੋਬਾਰੀ ਸਰਗਰਮੀਆਂ ’ਤੇ ਅੰਸ਼ਿਕ ਅਸਰ ਪਿਆ। ਬੂੰਦੀ, ਬਾਰਨ ਅਤੇ ਝਾਲਾਵਰ ਵਰਗੇ ਸ਼ਹਿਰਾਂ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਦੁਕਾਨਾਂ ਬੰਦ ਰਹੀਆਂ, ਜਦੋਂਕਿ ਬਾਕੀ ਥਾਵਾਂ ’ਤੇ ਖੁੱਲ੍ਹੀਆਂ ਰਹੀਆਂ। ਰੋਡਵੇਜ਼ ਬੱਸਾਂ, ਟਰੱਕ ਅਤੇ ਮਿੰਨੀ ਬੱਸਾਂ ਦਾ ਚੱਕਾ ਜਾਮ ਰਿਹਾ, ਪਰ ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਸੜਕਾਂ ’ਤੇ ਦੌੜਦੇ ਨਜ਼ਰ ਆਏ। ਕਾਂਗਰਸੀ ਹਕੂਮਤ ਵਾਲੇ ਸੂਬੇ ਵਿੱਚ ਪ੍ਰਦਰਸ਼ਨ ਦਾ ਅਸਰ ਜੈਪੁਰ, ਅਲਵਰ, ਗੰਗਾਨਗਰ, ਹਨੂੰਮਾਨਗੜ੍ਹ, ਬੀਕਾਨੇਰ, ਸੀਕਰ, ਝੁਨਝੁਨੂ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲਿਆ। ਜੈਪੁਰ ਵਿੱਚ ਕਿਸਾਨਾਂ ਦੇ ਸਮਰਥਨ ’ਚ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਐੱਨਐੱਸਯੂਆਈ ਮੈਂਬਰਾਂ ਦੀ ਭਾਜਪਾ ਕਾਰਕੁਨਾਂ ਨਾਲ ਝੜਪ ਹੋ ਗਈ।