ਨੰਦੀਗ੍ਰਾਮ, 1 ਅਪਰੈਲ
ਪੱਛਮੀ ਬੰਗਾਲ ਵਿਚ ਵੋਟਿੰਗ ਦੇ ਦੂਜੇ ਪੜਾਅ ਦੌਰਾਨ ਅੱਜ ਨੰਦੀਗ੍ਰਾਮ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਦੀਆਂ ਰਿਪੋਰਟਾਂ ਹਨ। ਇਹ ਝੜਪ ਇਥੇ ਬੋਯਾਲਾ ਪੋਲਿੰਗ ਬੂਥ ਦੇ ਬਾਹਰ ਹੋਈ। ਜਾਣਕਾਰੀ ਮਿਲਣ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਬੂਥ ’ਤੇ ਪਹੁੰਚ ਗਈ। ਇਸ ਦੌਰਾਨ ਉਨ੍ਹਾਂ ਰਾਜਪਾਲ ਜਗਦੀਪ ਧਨਖੜ ਨੂੰ ਫੋਨ ਕੀਤਾ। ਮਮਤਾ ਨੇ ਰਾਜਪਾਲ ਨੂੰ ਫੋਨ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ, “ਇੱਥੇ ਕੁਝ ਵੀ ਹੋ ਸਕਦਾ ਹੈ ..।” ਮਮਤਾ ਨੇ ਕਿਹਾ ਉਨ੍ਹਾਂ ਦੀ ਪਾਰਟੀ ਸਵੇਰ ਤੋੋਂ ਲੈ ਕੇ ਹੁਣ ਤੱਕ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਸਬੰਧੀ ਚੋਣ ਕਮਿਸ਼ਨ ਕੋਲ 63 ਸ਼ਿਕਾਇਤਾਂ ਦਰਜ ਕਰਵਾ ਚੁੱਕੀ ਹੈ। ਹੋਰ ਰਾਜਾਂ ਤੋਂ ਆਏ ਗੰਡੇ ਇਥੇ ਹਿੰਸਾ ਫੈਲਾਅ ਰਹੇ ਹਨ। ਜੇ ਕਮਿਸ਼ਨ ਨੇ ਕਰਵਾਈ ਨਾ ਕੀਤੀ ਤਾਂ ਅਦਾਲਤ ਦਾ ਦਰ ਖੜਕਾਇਆ ਜਾਵੇਗਾ।