ਪਟਨਾ, 3 ਜੁਲਾਈ
ਪਟਨਾ ਦੇ ਨੇਪਾਲੀ ਨਗਰ ’ਚ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ ਜਦੋਂ 40 ਏਕੜ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਲਈ ਬੁਲਡੋਜ਼ਰ ਲੈ ਕੇ ਪਹੁੰਚੀ ਪੁਲੀਸ ਦੀ ਟੀਮ ’ਤੇ ਸਥਾਨਕ ਲੋਕਾਂ ਨੇ ਪਥਰਾਅ ਕਰ ਦਿੱਤਾ ਤੇ ਪੁਲੀਸ ’ਤੇ ਗੈਸ ਸਿਲੰਡਰ ਵੀ ਸੁੱਟੇ।
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲਾਤ ਕਾਬੂ ਹੇਠ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ। ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਦੱਸਿਆ, ‘ਅੱਜ ਸਵੇਰੇ ਸੁਰੱਖਿਆ ਮੁਲਾਜ਼ਮ ਜਦੋਂ ਨਾਜਾਇਜ਼ ਉਸਾਰੀਆਂ ਢਾਹੁਣ ਮੌਕੇ ’ਤੇ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਪਟਨਾ ਦੇ ਐੱਸਪੀ ਅੰਬਰੀਸ਼ ਰਾਹੁਲ ਸਮੇਤ ਕੁਝ ਪੁਲੀਸ ਅਫਸਰ ਜ਼ਖ਼ਮੀ ਹੋਏ ਹਨ।’ ਉਨ੍ਹਾਂ ਕਿਹਾ ਕਿ 40 ਏਕੜ ਸਰਕਾਰੀ ਜ਼ਮੀਨ ’ਚ ਹੋਈਆਂ 90 ਗ਼ੈਰਕਾਨੂੰਨੀ ਉਸਾਰੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਾਹੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ’ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਵੀਡੀਓਜ਼ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਮੁਜ਼ਾਹਰਾਕਾਰੀਆਂ ਨੇ ਪੁਲੀਸ ’ਤੇ ਐੱਲਪੀਜੀ ਦੇ ਛੋਟੇ ਸਿਲੰਡਰ ਵੀ ਸੁੱਟੇ। ਇਨ੍ਹਾਂ ’ਚੋਂ ਕੁਝ ਸਿਲੰਡਰ ਖਾਲੀ ਸਨ ਜਦਕਿ ਕੁਝ ਭਰੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਸਿਲੰਡਰ ਫਟਣ ਤੋਂ ਬਚਾਅ ਰਿਹਾ ਨਹੀਂ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ। -ਪੀਟੀਆਈ