ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਇੱਥੇ ਲੰਘੀ ਦੇਰ ਰਾਤ ਉੱਤਰੀ ਦਿੱਲੀ ਦੇ ਮਾਡਲ ਟਾਊਨ ਖੇਤਰ ਵਿਚ ਸਥਿਤ ਛਤਰਸਾਲ ਸਟੇਡੀਅਮ ’ਚ ਪਹਿਲਵਾਨਾਂ ਵਿਚਾਲੇ ਹੋਈ ਝੜਪ ਵਿਚ ਇਕ ਪਹਿਲਵਾਨ ਦੀ ਮੌਤ ਹੋ ਗਈ ਜਦੋਂਕਿ ਕਈ ਲੋਕ ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਦਰਜ ਐੱਫਆਈਆਰ ’ਚ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਦਾ ਨਾਂ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਛਤਰਸਾਲ ਸਟੇਡੀਅਮ ਵਿਚ ਪਹਿਲਵਾਨਾਂ ਵਿਚਾਲੇ ਝੜਪ ਹੋ ਗਈ। ਇਸ ਵਾਰਦਾਤ ਵਿਚ ਕੁਝ ਪਹਿਲਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਵਿੱਚੋਂ ਇਕ ਪਹਿਲਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਪਹਿਲਵਾਨ ਦਾ ਨਾਂ ਸਾਗਰ ਦੱਸਿਆ ਜਾ ਰਿਹਾ ਹੈ। ਉਹ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ। ਦਿੱਲੀ ਪੁਲੀਸ ਨੇ ਇਸ ਸਬੰਧ ਵਿਚ ਕਤਲ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸਟੇਡੀਅਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਤੇ ਲੋਕਾਂ ਤੋਂ ਕੀਤੀ ਗਈ ਪੁੱਛਗਿਛ ਦੇ ਅਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਕਿਹਾ, ‘ਝਗੜੇ ਵਿਚ ਸ਼ਾਮਲ ਲੋਕ ਸਾਡੇ ਪਹਿਲਵਾਨ ਨਹੀਂ ਸਨ, ਇਹ ਘਟਨਾ ਦੇਰ ਰਾਤ ਵਾਪਰੀ। ਅਸੀਂ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਕੁਝ ਅਣਪਛਾਤੇ ਲੋਕ ਸਾਡੇ ਸਟੇਡੀਅਮ ਦੇ ਅਹਾਤੇ ਵਿਚ ਦਾਖ਼ਲ ਹੋਏ ਤੇ ਝਗੜਾ ਕੀਤਾ। ਸਾਡੇ ਸਟੇਡੀਅਮ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’ ਸੁਸ਼ੀਲ ਨੇ ਲੰਡਨ ਓਲੰਪਿਕ-2012 ਵਿੱਚ ਚਾਂਦੀ ਦਾ ਤਗ਼ਮਾ ਤੇ ਚਾਰ ਸਾਲ ਪਹਿਲਾਂ ਪੇਈਚਿੰਗ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।