ਦੇਹਰਾਦੂਨ: ਸਰਦ ਰੁੱਤ ਸ਼ੁਰੂ ਹੋਣ ਕਾਰਨ ਕੇਦਾਰਨਾਥ ਮੰਦਰ ਦੇ ਕਿਵਾੜ ਅੱਜ ਬੰਦ ਕਰ ਦਿੱਤੇ ਗਏ ਹਨ। ਇਸ ਰੁੱਤੇ ਮੰਦਰ ਬਰਫ਼ ਨਾਲ ਢਕਿਆ ਰਹਿੰਦਾ ਹੈ। ਚਾਰਧਾਮ ਮੰਦਰ ਬੋਰਡ ਦੇ ਮੀਡੀਆ ਸੈੱਲ ਨੇ ਦੱਸਿਆ ਕਿ ਪੁਜਾਰੀ ਬਾਗੇਸ਼ ਲਿੰਗ ਵੱਲੋਂ ਰਸਮਾਂ ਅਦਾ ਕਰਨ ਮਗਰੋਂ ਸਵੇਰੇ ਅੱਠ ਵਜੇ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ। ਮੰਦਰ ਦੇ ਦਰਵਾਜੇ ਬੰਦ ਹੋਣ ਮਗਰੋਂ ਬਾਬਾ ਕੇਦਾਰ (ਭਗਵਾਨ ਸ਼ਿਵ) ਦੀ ਪੰਜ-ਮੁਖੀ ਮੂਰਤੀ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਉਖੀਮੱਠ ਦੇ ਓਮਕਾਰੇਸ਼ਵਰ ਮੰਦਰ ਵਿੱਚ ਲਿਜਾਇਆ ਗਿਆ, ਜਿੱਥੇ ਸਰਦੀਆਂ ਦੇ ਮਹੀਨਿਆਂ ਦੌਰਾਨ ਉਸਦੀ ਪੂਜਾ ਕੀਤੀ ਜਾਂਦੀ ਹੈ। ਚਾਰਧਾਮ ਯਾਤਰਾ ਸਤੰਬਰ ਤੋਂ ਸ਼ੁਰੂ ਹੋਈ ਸੀ। ਹੁਣ ਤੱਕ 2.40 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੇਦਾਰਨਾਥ ਮੰਦਰ ਦੇ ਦਰਸ਼ਨ ਕੀਤੇ। ਗੰਗੋਤਰੀ ਮੰਦਰ ਦੇ ਕਿਵਾੜ ਸ਼ੁੱਕਰਵਾਰ ਨੂੰ ਬੰਦ ਕਰ ਦਿੱਤੇ ਗਏ ਸਨ। ਯਮੁਨੋਤਰੀ ਮੰਦਰ ਦੇ ਕਿਵਾੜ ਵੀ ਅੱਜ-ਸਵੇਰ ਬੰਦ ਕਰ ਦਿੱਤੇ ਜਾਣਗੇ। -ਪੀਟੀਆਈ