ਦੇਹਰਾਦੂਨ, 25 ਅਗਸਤ
ਉੱਤਰਾਖੰਡ ਵਿੱਚ ਸ਼ਹਿਰ ਦੀ ਬਾਹਰੀ ਸੀਮਾ ’ਤੇ ਸਥਿਤ ਖਾਬੜਵਾਲਾ ਪਿੰਡ ਵਿਚਲੇ ਸਤਲਾ ਦੇਵੀ ਮੰਦਰ ਨੇੜੇ ਬੱਦਲ ਫਟਣ ਨਾਲ ਨਦੀਆਂ ਵਿੱਚ ਹੜ੍ਹ ਆ ਗਿਆ। ਸੂਬੇ ਦੇ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਬੱਦਲ ਫਟਣ ਨਾਲ ਹੜ੍ਹ ਆ ਗਿਆ ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਨਾਲ ਵੱਖ-ਵੱਖ ਥਾਵਾਂ ’ਤੇ ਬਿਜਲੀ ਦੇ ਖੰਭੇ ਤੇ ਦਰੱਖ਼ਤ ਡਿੱਗ ਗਏ ਤੇ ਦੋ-ਪਹੀਆ ਵਾਹਨ ਵੀ ਰੁੜ੍ਹ ਗਏ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਜ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੈਬਨਿਟ ਮੰਤਰੀ ਗਣੇਸ਼ ਜੋਸ਼ੀ ਸਣੇ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਤੇ ਹੜ੍ਹ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਰਾਹਤ ਸਮੱਗਰੀ ਦਿੱਤੀ। ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਭਵਿੱਖ ਵਿੱਚ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਢੁੱਕਵੀਂ ਯੋਜਨਾ ਬਣਾਉਣ ਦਾ ਹੁਕਮ ਵੀ ਦਿੱਤਾ। ਦੱਸਣਯੋਗ ਹੈ ਕਿ ਮੰਗਲਵਾਰ ਰਾਤ ਨੂੰ ਦੇਹਰਾਦੂਨ ਵਿੱਚ ਭਾਰੀ ਮੀਂਹ ਪਿਆ, ਜਿਸ ਨਾਲ ਰਿਸਪਾਨਾ ਤੇ ਬਿੰਦਲ ਨਦੀਆਂ ਵਿੱਚ ਹੜ੍ਹ ਆਉਣ ਨਾਲ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। -ਪੀਟੀਆਈ