ਦੇਹਰਾਦੂਨ, 3 ਮਈ
ਉਤਰਾਖੰਡ ਜ਼ਿਲ੍ਹਿਆਂ ਦੇ ਰੁਦਰਪ੍ਰਯਾਗ ਅਤੇ ਉਤਰਕਾਸ਼ੀ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਦੋ ਵੱਖ-ਵੱਖ ਥਾਵਾਂ ’ਤੇ ਤੇਜ਼ ਮੀਂਹ ਪੈਣ ਦੌਰਾਨ ਬੱਦਲ ਫੱਟਣ ਕਾਰਨ ਕੁੱਝ ਪਿੰਡਾਂ ਵਿੱਚ ਘਰ ਅਤੇ ਸੜਕਾਂ ਨੁਕਸਾਨੀਆਂ ਗਈਆਂ। ਹਾਲਾਂਕਿ ਇਨ੍ਹਾਂ ਘਟਨਾਵਾਂ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਸੂਬੇ ਦੇ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਘਟਨਾ ਸਬੰਧੀ ਤੁਰੰਤ ਜ਼ਿਲ੍ਹਾ ਮੈਜਿਸਟਰੇਟਾਂ ਤੋਂ ਫੋਨ ’ਤੇ ਜਾਣਕਾਰੀ ਲਈ ਅਤੇ ਸਥਿਤੀ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਲਈ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਪੀਡਬਲਯੂਡੀ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਤੇ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰ ਵਿੱਚ ਬੰਦ ਪਏ ਮਾਰਗਾਂ ਨੂੰ ਤੁਰੰਤ ਖੋਲ੍ਹਣ ਲਈ ਕਿਹਾ ਹੈ ਤਾਂ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। -ਪੀਟੀਆਈ