* ਪੁਰਾਣੇ ਰਾਜਿੰਦਰ ਨਗਰ ’ਚ ਨਾਜਾਇਜ਼ ਕਬਜ਼ੇ ਢਾਹੁੁਣ ਤੇ ਮੁਖਰਜੀ ਨਗਰ ’ਚ ਸੀਲਿੰਗ ਦਾ ਅਮਲ ਸ਼ੁਰੂ
* ਉਪ ਰਾਜਪਾਲ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਦਾ ਮੁਆਵਜ਼ਾ ਐਲਾਨਿਆ
ਨਵੀਂ ਦਿੱਲੀ, 29 ਜੁਲਾਈ
ਦਿੱਲੀ ਪੁਲੀਸ ਨੇ ਆਈਏਐੱਸ ਕੋਚਿੰਗ ਸੈਂਟਰ ਹਾਦਸਾ ਮਾਮਲੇ ਵਿਚ ਅੱਜ ਬੇਸਮੈਂਟ ਦੇ ਚਾਰ ਸਹਿ-ਮਾਲਕਾਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਰਟ ਨੇ ਇਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦਿੱਲੀ ਨਗਰ ਨਿਗਮ ਦੇ ਬੁਲਡੋਜ਼ਰਾਂ ਨੇ ਪੁਰਾਣੇ ਰਾਜਿੰਦਰ ਨਗਰ ਵਿਚ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਤੇ ਉੱਤਰੀ ਦਿੱਲੀ ਦੇ ਮੁਖਰਜੀ ਨਗਰ ਵਿਚ ਸੀਲਿੰਗ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਦਸੇ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ, ਜੋ ਹਾਦਸੇ ਦੇ ਕਾਰਨਾਂ ਤੇ ਜ਼ਿੰਮੇਵਾਰੀ ਨਿਰਧਾਰਿਤ ਕਰਨ ਜਿਹੇ ਪਹਿਲੂਆਂ ਦੀ ਘੋਖ ਤੋਂ ਇਲਾਵਾ ਪਾਲਿਸੀ ਵਿਚ ਬਦਲਾਅ ਤੇ ਹੋਰ ਉਪਰਾਲਿਆਂ ਬਾਰੇ ਸੁਝਾਅ ਦੇਵੇਗੀ। ਦਿੱਲੀ ਫਾਇਰ ਸਰਵਿਸਿਜ਼ ਨੇ ਰਾਓ’ਜ਼ ਆਈਏਐੱਸ ਸਟੱਡੀ ਸਰਕਲ ਇਮਾਰਤ ਦਾ ਐੱਨਓਸੀ ਰੱਦ ਕਰਨ ਦੀ ਕਾਰਵਾਈ ਵਿੱਢ ਦਿੱਤੀ ਹੈ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ 24 ਘੰਟਿਆਂ ਵਿਚ ਕਾਰਵਾਈ ਦਾ ਯਕੀਨ ਦਿਵਾਇਆ ਹੈ। ਇਸ ਦੌਰਾਨ ਸੈਂਕੜੇ ਵਿਦਿਆਰਥੀਆਂ ਨੇ ਪੱਛਮੀ ਦਿੱਲੀ ਵਿਚ ਰਾਓ’ਜ਼ ਆਈਏਐੱਸ ਸਟੱਡੀ ਸੈਂਟਰ ਨੇੜੇ ਅੱਜ ਵੀ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ। ਕੋਚਿੰਗ ਸੈਂਟਰ ਵੱਲੋਂ ਬੇਸਮੈਂਟ ਨੂੰ ਗੈਰਕਾਨੂੰਨੀ ਢੰਗ ਨਾਲ ਲਾਇਬਰੇਰੀ ਵਜੋਂ ਵਰਤਿਆ ਜਾ ਰਿਹਾ ਸੀ। ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਪੰਜ ਵਿਅਕਤੀਆਂ ਵਿਚ ਐੱਸਯੂਵੀ ਦਾ ਡਰਾਈਵਰ ਵੀ ਸ਼ਾਮਲ ਹੈ, ਜਿਸ ਨੇ ਮੀਂਹ ਦੇ ਪਾਣੀ ਨਾਲ ਭਰੀ ਸੜਕ ਤੋਂ ਜਦੋਂ ਆਪਣਾ ਵਾਹਨ ਕੱਢਿਆ ਤਾਂ ਪਾਣੀ ਤਿੰਨ ਮੰਜ਼ਿਲਾ ਇਮਾਰਤ ਦੀ ਬੇਸਮੈਂਟ ਵਿਚ ਦਾਖਲ ਹੋ ਗਿਆ ਸੀ। ਪੁਲੀਸ ਨੇ ਐੱਸਯੂਵੀ ਕਬਜ਼ੇ ਵਿਚ ਲੈ ਲਈ ਹੈ। ਮੁਲਜ਼ਮਾਂ- ਤੇਜਿੰਦਰ ਸਿੰਘ, ਪਰਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਸਰਬਜੀਤ ਸਿੰਘ (ਬੇਸਮੈਂਟ ਦੇ ਸਹਿ-ਮਾਲਕ) ਤੇ ਐੱਸਯੂਪਵੀ ਡਰਾਈਵਰ ਮਨੁਜ ਕਥੂਰੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ। ਅੱਜ ਦੀਆਂ ਗ੍ਰਿਫ਼ਤਾਰੀਆਂ ਮਗਰੋਂ ਇਸ ਮਾਮਲੇ ਵਿਚ ਹੁਣ ਤੱਕ ਸੱਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਕੋਚਿੰਗ ਸੈਂਟਰ ਦਾ ਮਾਲਕ ਤੇ ਕੋਆਰਡੀਨੇਟਰ ਪਹਿਲਾਂ ਹੀ ਪੁਲੀਸ ਦੀ ਗ੍ਰਿਫ਼ਤ ਵਿਚ ਹਨ ਤੇ ਉਨ੍ਹਾਂ ਖਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਉਧਰ ਦਿੱਲੀ ਨਗਰ ਨਿਗਮ, ਜਿਸ ਨੂੰ ਅਣਗਹਿਲੀ ਤੇ ਡਰੇਨਾਂ ਦੀ ਸਫ਼ਾਈ ਨਾ ਕਰਵਾਉਣ ਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਇਕ ਜੂਨੀਅਰ ਇੰਜਨੀਅਰ ਨੂੰ ਬਰਖ਼ਾਸਤ ਤੇ ਇਲਾਕੇ ਦੇ ਸਹਾਇਕ ਇੰਜਨੀਅਰ ਨੂੰ ਕਥਿਤ ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ। ਯੂਪੀਐੱਸਸੀ ਪ੍ਰੀਖਿਆਰਥੀ ਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨੈਵਿਨ ਡੈਲਵਿਨ (28) ਦੀ ਲਾਸ਼ ਅੱਜ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਉਸ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਦੋ ਹੋਰ ਵਿਦਿਆਰਥੀਆਂ- ਸ਼੍ਰੇਆ ਯਾਦਵ ਤੇ ਤਾਨਿਆ ਸੋਨੀ ਦੀਆਂ ਲਾਸ਼ਾਂ ਐਤਵਾਰ ਨੂੰ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ।
‘ਆਪ’ ਤੇ ਭਾਜਪਾ ਵੱਲੋਂ ਇਕ ਦੂਜੇ ਸਿਰ ਦੋਸ਼ ਮੜ੍ਹਨ ਦੀ ਸਿਆਸੀ ਖੇਡ ਸ਼ੁਰੂ ਹੋ ਗਈ ਹੈ। ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ‘ਆਪ’ ਦਫ਼ਤਰ ਨੇੜੇ ਧਰਨਾ ਦਿੱਤਾ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਤੇ ਐੱਮਸੀਡੀ ’ਤੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਕਰ ਕੇ ਤਿੰਨ ਯੂਪੀਐੱਸਪੀ ਪ੍ਰੀਖਿਆਰਥੀਆਂ ਦੀ ਮੌਤ ਹੋਈ ਹੈ। ‘ਆਪ’ ਨੇ ਉਪ ਰਾਜਪਾਲ ਦੇ ਸਕੱਤਰੇਤ ਨੇੜੇ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ, ਜੋ ਦਿੱਲੀ ਵਿਚ ਡਰੇਨਾਂ ਦੀ ਸਫਾਈ ਸਬੰਧੀ ਹਦਾਇਤਾਂ ਜਾਰੀ ਕਰਨ ਵਿਚ ਕਥਿਤ ਨਾਕਾਮ ਰਹੇ। ਦਿੱਲੀ ਨਗਰ ਨਿਗਮ ਦੇ ਸਦਨ ਵਿਚ ਵੀ ਇਸ ਮਾਮਲੇ ’ਤੇ ਰੌਲਾ-ਰੱਪਾ ਪਿਆ ਤੇ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
ਸ਼ਨਿੱਚਰਵਾਰ ਰਾਤ ਦੀ ਘਟਨਾ ਮਗਰੋਂ ਦਿੱਲੀ ਨਗਰ ਨਿਗਮ ਨੇ ਪੁਰਾਣੇ ਰਾਜਿੰਦਰ ਨਗਰ ਵਿਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਅਧਿਕਾਰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਗਮ ਨੇ ਐਤਵਾਰ ਨੂੰ ਇਲਾਕੇ ਵਿਚਲੇ 13 ਗੈਰਕਾਨੂੰਨੀ ਕੋਚਿੰਗ ਸੈਂਟਰ ਸੀਲ ਕੀਤੇ ਸਨ। ਇਸ ਘਟਨਾ ਨੂੰ ਲੈ ਕੇ ਗੁੱਸੇ ਵਿਚ ਆਏ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦਰਮਿਆਨ ਇਹਤਿਆਤ ਵਜੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਸੈਂਕੜੇ ਵਿਦਿਆਰਥੀ ਕੋਚਿੰਗ ਇੰਸਟੀਚਿਊਟ ਨੇੜੇ ਧਰਨਾ ਲਾ ਕੇ ਬੈਠੇ ਰਹੇ। ਉਨ੍ਹਾਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ। ਉਪ ਰਾਜਪਾਲ ਵੀਕੇ ਸਕਸੈਨਾ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਮਿਲੇ ਤੇ ਭਰੋਸਾ ਦਿੱਤਾ ਕਿ ਹਾਦਸੇ ਲਈ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਬਾਵਜੂਦ ਵਿਦਿਆਰਥੀ ਸ਼ਾਂਤ ਨਹੀਂ ਹੋਏ ਤੇ ਉਨ੍ਹਾਂ ‘ਅਸੀਂ ਇਨਸਾਫ ਚਾਹੁੰਦੇ ਹਾਂ’ ਦੇ ਨਾਅਰੇ ਲਾਉਣੇ ਜਾਰੀ ਰੱਖੇ। ਉਨ੍ਹਾਂ ਸਕਸੈਨਾ ਨੂੰ ਜ਼ੋਰ ਪਾਇਆ ਕਿ ਉਹ ਪੁਲੀਸ ਬੈਰੀਕੇਡਾਂ ਪਿੱਛੇ ਖੜ੍ਹੇ ਹੋਣ ਦੀ ਥਾਂ ਧਰਨੇ ਵਿਚ ਉਨ੍ਹਾਂ ਨਾਲ ਬੈਠਣ। ਪੁਲੀਸ ਮੁਤਾਬਕ ਜਿਸ ਇਮਾਰਤ ਵਿਚ ਰਾਓ’ਜ਼ ਆਈਏਐੱਸ ਸਟੱਡੀ ਸੈਂਟਰ ਹੈ, ਉਸ ਦੀ ਉਸਾਰੀ 2021 ਵਿਚ ਹੋਈ ਸੀ ਤੇ ਚਾਰ ਵੱਖ ਵੱਖ ਵਿਅਕਤੀ ਇਸ ਦੇ ਮਾਲਕ ਹਨ। ਇਨ੍ਹਾਂ ਵਿਚੋਂ ਇਕ ਬੇਸਮੈਂਟ ਦਾ ਮਾਲਕ ਹੈ, ਜੋ ਅੱਜ ਗ੍ਰਿਫ਼ਤਾਰ ਕੀਤੇ ਪੰਜ ਵਿਅਕਤੀਆਂ ’ਚ ਸ਼ਾਮਲ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਰਾਓ’ਜ਼ ਆਈਏਐੱਸ ਸਟੱਡੀ ਸਰਕਲ ਨੂੰ ਕਲੀਅਰੈਂਸ ਸਰਟੀਫਿਕੇਟ ਜਾਰੀ ਕਰਨ ਤੇ ਡਰੇਨਾਂ ਦੀ ਸਫਾਈ ਲਈ ਜ਼ਿੰਮੇਵਾਰ ਨਿਗਮ ਅਧਿਕਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। -ਪੀਟੀਆਈ