ਨਵੀਂ ਦਿੱਲੀ, 4 ਜੁਲਾਈ
ਇਕ ਟਰੇਡ ਯੂਨੀਅਨ ਆਗੂ ਨੇ ਅੱਜ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਕੋਲਾ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣ ਦੇ ਫ਼ੈਸਲੇ ਖ਼ਿਲਾਫ਼ ਕੋਲਾ ਵਰਕਰਾਂ ਵੱਲੋਂ ਕੀਤੀ ਗਈ ਤਿੰਨ ਦਿਨਾਂ ਦੇਸ਼ਿਵਆਪੀ ਹੜਤਾਲ ਦੌਰਾਨ ਜ਼ਿਆਦਾਤਰ ਖਾਣਾਂ ਵਿੱਚ ਉਤਪਾਦਨ ਮੁਕੰਮਲ ਬੰਦ ਰਿਹਾ ਅਤੇ ਬਾਲਣ ਭੇਜਣ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਰਿਹਾ।
ਜ਼ਿਕਰਯੋਗ ਹੈ ਕਿ ਭਾਰਤੀ ਕੋਲਾ ਲਿਮਿਟਡ ਦੀ ਜੱਥੇਬੰਦੀ ਭਾਰਤੀ ਮਜ਼ਦੂਰ ਸੰਘ ਜੋ ਆਰਐੱਸਐੱਸ ਨਾਲ ਸਬੰਧਤ ਹੈ, ਸਣੇ ਪੰਜ ਟਰੇਡ ਯੂਨੀਅਨਾਂ ਸਰਕਾਰ ਦੇ ਕੋਲਾ ਖਾਣਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਫ਼ੈਸਲੇ ਖ਼ਿਲਾਫ਼ ਵੀਰਵਾਰ ਤੋਂ ਹੜਤਾਲ ’ਤੇ ਹਨ। ਐੱਚਐੱਮਐੱਸ ਨਾਲ ਸਬੰਧਤ ਹਿੰਦ ਖਦਾਨ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਨਾਥੂ ਲਾਲ ਪਾਂਡੇ ਨੇ ਕਿਹਾ, ‘‘ਕੋਲਾ ਸਨਅਤ ਵਿਚ ਹੋਈ ਇਹ ਤਿੰਨ ਦਿਨਾਂ ਹੜਤਾਲ ਵੱਡੀ ਪੱਧਰ ’ਤੇ ਸਫ਼ਲ ਰਹੀ ਹੈ। ਭਾਰਤੀ ਕੋਲਾ ਲਿਮਿਟਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ 4.81 ਲੱਖ ਟਨ ਕੋਲਾ ਉਤਪਾਦਨ ਹੋਇਆ ਜੋ ਆਮ ਤੌਰ ’ਤੇ ਹੁੰਦੇ 13 ਲੱਖ ਪ੍ਰਤੀ ਦਿਨ ਉਤਪਾਦਨ ਦਾ 38 ਫ਼ੀਸਦ ਹੈ। -ਪੀਟੀਆਈ
ਸੌਰ ਊਰਜਾ ਪ੍ਰਾਜੈਕਟਾਂ ਵਿੱਚ 12,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਸੀਆਈਐੱਲ ਤੇ ਐੱਨਐੱਲਸੀ ਇੰਡੀਆ
ਕੋਲਕਾਤਾ: ਕੋਲ ਇੰਡੀਆ ਲਿਮਿਟਡ ਅਤੇ ਐੱਨਐੱਲਸੀ ਵੱਲੋਂ ਸਾਂਝੇ ਤੌਰ ’ਤੇ 12,000 ਕਰੋੜ ਰੁਪਏ ਦੇ ਨਿਵੇਸ਼ ਨਾਲ 3,000 ਮੈਗਾਵਾਟ ਦੇ ਸੌਰ ਊਰਜਾ ਅਸਾਸੇ ਤਿਆਰ ਕੀਤੇ ਜਾਣਗੇ। ਸੂਤਰਾਂ ਅਨੁਸਾਰ ਦੋਵੇਂ ਸਰਕਾਰੀ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਦੋਵੇਂ ਮਿਲ ਕੇ ਦੇਸ਼ ਭਰ ਵਿੱਚ 5,000 ਮੈਗਾਵਾਟ ਦੇ ਸੌਰ ਅਤੇ ਥਰਮਲ ਊਰਜਾ ਅਸਾਸੇ ਵਿਕਸਤ ਕਰਨ ਲਈ ਭਾਈਵਾਲੀ ਕਰਨਗੇ। ਉਨ੍ਹਾਂ ਕਿਹਾ ਕਿ 10 ਲੱਖ ਰੁਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਇਕ ਸੌਰ ਭਾਈਵਾਲੀ ਬਣਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। -ਪੀਟੀਆਈ