ਕੋਲਕਾਤਾ, 14 ਜੂਨ
ਸੀਬੀਆਈ ਵੱਲੋਂ ਕੋਲੇ ਦੇ ਨਾਜਾਇਜ਼ ਖਣਨ ਘੁਟਾਲੇ ਦੇ ਸਬੰਧ ਵਿੱਚ ਅੱਜ ਸਵੇਰੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਰੂਜੀਰਾ ਕੋਲੋਂ ਉਨ੍ਹਾਂ ਦੀ ਦੱਖਣੀ ਕੋਲਕਾਤਾ ਸਥਿਤ ਰਿਹਾਇਸ਼ ’ਤੇ ਪੁੱਛਗਿਛ ਕੀਤੀ ਗਈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਕਿਹਾ ਕਿ ਸੀਬੀਆਈ ਦੀ ਇਕ ਅੱਠ ਮੈਂਬਰੀ ਟੀਮ ਸਵੇਰੇ 11.30 ਵਜੇ ਮੁਖਰਜੀ ਰੋਡ ’ਤੇ ਸਥਿਤ ਬੈਨਰਜੀ ਦੀ ਰਿਹਾਇਸ਼ ‘ਸ਼ਾਂਤੀਨਿਕੇਤਨ’ ਪਹੁੰਚੀ। ਕੇਸ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਅੱਜ ਦੂਜੀ ਵਾਰ ਰੂਜੀਰਾ ਕੋਲੋਂ ਪੁੱਛਗਿਛ ਕੀਤੀ ਗਈ।
ਇਸ ਤੋਂ ਪਹਿਲਾਂ ਪਿਛਲੇ ਸਾਲ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਬੀਆਈ ਨੇ ਪੁੱਛਗਿਛ ਕੀਤੀ ਸੀ। ਸੀਬੀਆਈ ਅਧਿਕਾਰੀ ਨੇ ਕਿਹਾ, ‘‘ਬੀਬੀ ਬੈਨਰਜੀ ਦੇ ਜਵਾਬਾਂ ਤੋਂ ਅਸੀਂ ਸੰਤੁਸ਼ਟ ਨਹੀਂ ਸੀ, ਇਸ ਵਾਸਤੇ ਦੁਬਾਰਾ ਪੁੱਛਗਿਛ ਕਰ ਰਹੇ ਹਾਂ। – ਪੀਟੀਆਈ
ਭਾਜਪਾ ਮੇਰੇ ਤੋਂ ਡਰੀ ਹੋਈ ਹੈ: ਅਭਿਸ਼ੇਕ ਬੈਨਰਜੀ
ਅਗਰਤਲਾ: ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਉਨ੍ਹਾਂ ਕੋਲੋਂ ਡਰੀ ਹੋਈ ਹੈ ਅਤੇ ਨਾਲ ਹੀ ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਏਜੰਸੀਆਂ ਵਿੱਚ ਹਿੰਮਤ ਹੈ ਤਾਂ ਉਹ ੳਨ੍ਹਾਂ ਨੂੰ ਹੱਥ ਲਗਾ ਕੇ ਦਿਖਾਉਣ। ਬੈਨਰਜੀ ਨੇ ਇੱਥੇ ਤ੍ਰਿਣਮੂਲ ਕਾਂਗਰਸ ਦੀ ਇਕ ਚੋਣ ਰੈਲੀ ਵਿੱਚ ਕਿਹਾ ਕਿ ਉਨ੍ਹਾਂ ਦੀ ਪਤਨੀ ਨੂੰ ਸੀਬੀਆਈ ਨੇ ਉਨ੍ਹਾਂ ਦੇ ਇੱਥੋਂ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਤਲਬ ਕੀਤਾ ਸੀ। ਕੇਂਦਰੀ ਏਜੰਸੀਆਂ ਨੇ ਉਨ੍ਹਾਂ (ਅਭਿਸ਼ੇਕ ਬੈਨਰਜੀ) ਕੋਲੋਂ ਵੀ ਦਿੱਲੀ ਵਿੱਚ 10 ਘੰਟੇ ਤੋਂ ਵੱਧ ਸਮੇਂ ਤੱਕ ਦੋ ਵਾਰ ਪੁੱਛ-ਪੜਤਾਲ ਕੀਤੀ। -ਪੀਟੀਆਈ