ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੱਛਮੀ ਬੰਗਾਲ ਦੇ ਕੋਲਾ ਘੁਟਾਲਾ ਕੇਸ ਦੇ ਕਥਿਤ ਮੁੱਖ ਸਾਜ਼ਿਸ਼ਕਾਰ ਅਨੂਪ ਮਾਝੀ ਦੀ 165 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਇਹ ਸੰਪਤੀ ਮਨੀ ਲਾਂਡਰਿੰਗ ਐਕਟ ਤਹਿਤ ਜ਼ਬਤ ਕੀਤੀ ਗਈ ਹੈ। ਸੰਪਤੀ ਵਿਚ ਜ਼ਮੀਨ, ਫੈਕਟਰੀ, ਪਲਾਂਟ ਮਸ਼ੀਨਰੀ ਆਦਿ ਸ਼ਾਮਲ ਹਨ। ਇਹ ਪਲਾਂਟ ਪੁਰੂਲੀਆ ਤੇ ਬਾਂਕੁਰਾ ’ਚ ਸਥਿਤ ਹਨ। ਈਡੀ ਦਾ ਦੋਸ਼ ਹੈ ਕਿ ਮਾਝੀ ਨੇ ਅਪਰਾਧ ਰਾਹੀਂ ਇਕੱਠੇ ਕੀਤੇ ਕਰੀਬ 67.80 ਕਰੋੜ ਰੁਪਏ ਦੋ ਕੰਪਨੀਆਂ ਵਿਚ ਸ਼ੇਅਰਾਂ ਦੇ ਪਰਦੇ ਨਾਲ ਪਾਏ। ਇਸ ਤੋਂ ਇਲਾਵਾ ਹੋਰ 98.06 ਕਰੋੜ ਰੁਪਏ ਵੀ ਇਨ੍ਹਾਂ ਕੰਪਨੀਆਂ ਵਿਚ ਨਿਵੇਸ਼ ਕੀਤੇ ਗਏ। ਏਜੰਸੀ ਮੁਤਾਬਕ ਮਾਝੀ ਨੇ ਫ਼ਰਜ਼ੀ ਕੰਪਨੀਆਂ ਦਾ ਇਸਤੇਮਾਲ ਪੈਸੇ ਟਰਾਂਸਫਰ ਕਰਨ ਲਈ ਕੀਤਾ ਹੈ। ਗ਼ੈਰਕਾਨੂੰਨੀ ਕੋਲਾ ਤਸਕਰੀ ਤੋਂ ਇਕੱਠੇ ਕੀਤੇ ਪੈਸੇ ਵੀ ਫ਼ਰਜ਼ੀ ਕੰਪਨੀਆਂ ਰਾਹੀਂ ਸਫੈਦ ਕੀਤੇ ਗਏ ਹਨ। ਮਾਝੀ ਨੂੰ ਇਸ ਕੇਸ ਵਿਚ ਗ੍ਰਿਫ਼ਤਾਰੀ ਤੋਂ 6 ਅਪਰੈਲ ਤੱਕ ਛੋਟ ਮਿਲੀ ਹੋਈ ਹੈ। -ਪੀਟੀਆਈ