ਨਵੀਂ ਦਿੱਲੀ, 2 ਜੁਲਾਈ
ਕੋਲੇ ਦੀ ਕਮਰਸ਼ੀਅਲ ਮਾਈਨਿੰਗ ਲਈ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦਿੱਤੇ ਜਾਣ ਦੇ ਰੋਸ ਵਜੋਂ ਟਰੇਡ ਯੂਨੀਅਨਾਂ ਨੇ ਅੱਜ ਤੋਂ ਤਿੰਨ ਦਿਨ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੋਲ ਇੰਡੀਆ ਟਰੇਡ ਯੂਨੀਅਨਾਂ ਅਤੇ ਸਰਕਾਰ ਵਿਚਕਾਰ ਬੁੱਧਵਾਰ ਨੂੰ ਇਸ ਮੁੱਦੇ ਨੂੰ ਲੈ ਕੇ ਹੋਈ ਵਾਰਤਾ ਸਿਰੇ ਨਹੀਂ ਚੜ੍ਹ ਸਕੀ ਸੀ। ਹੜਤਾਲ ’ਚ ਐੱਚਐੱਮਐੱਸ, ਬੀਐੱਮਐੱਸ, ਏਟਕ, ਇੰਟਕ, ਸੇਵਾ, ਐੱਲਪੀਐੱਫ, ਸੀਟੂ, ਏਆਈਯੂਟੀਯੂਸੀ, ਟੀਯੂਸੀਸੀ, ਯੂਟੀਯੂਸੀ, ਏਆਈਸੀਸੀਟੀਯੂ ਨਾਲ ਜੁੜੇ ਵਰਕਰ ਹਿੱਸਾ ਲੈ ਰਹੇ ਹਨ। ਇਨ੍ਹਾਂ ਯੂਨੀਅਨਾਂ ਨੇ ਹੜਤਾਲ ਦੇ ਪਹਿਲੇ ਦਿਨ ਸਫ਼ਲ ਰਹਿਣ ’ਤੇ ਕੋਲਾ ਵਰਕਰਾਂ ਨੂੰ ਵਧਾਈ ਦਿੱਤੀ ਹੈ। ਉਂਜ ਹੜਤਾਲ ਕਾਰਨ ਕਰੀਬ 40 ਲੱਖ ਟਨ ਕੋਲਾ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। ਐੱਚਐੱਮਐੱਸ ਨਾਲ ਸਬੰਧਤ ਹਿੰਦ ਖਦਾਨ ਮਜ਼ਦੂਰ ਸੰਘ ਦੇ ਪ੍ਰਧਾਨ ਨਾਥੂਲਾਲ ਪਾਂਡੇ ਨੇ ਕਿਹਾ ਕਿ ਪਹਿਲੀ ਸ਼ਿਫਟ ’ਚ ਸਵੇਰੇ 6 ਵਜੇ ਆਏ ਵਰਕਰ ਹੜਤਾਲ ’ਤੇ ਚਲੇ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੂਰਬੀ ਕੋਲਫੀਲਡਸ ਦੇ ਝਾਂਜਰਾ ਏਰੀਆ (ਪੱਛਮੀ ਬੰਗਾਲ) ’ਚ ਯੂਨੀਅਨਾਂ ਦੇ ਪੰਜ ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਪਰ ਕੁਝ ਘੰਟਿਆਂ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬੀਸੀਸੀਐੱਲ ’ਚ ਕੰਮ ਕਰਦੇ ਵਰਕਰ ਕੰਮ ’ਤੇ ਨਹੀਂ ਗਏ ਜਿਸ ਕਾਰਨ ਮਾਈਨਜ਼ ’ਚ ਹਸਪਤਾਲਾਂ ਜਿਹੀਆਂ ਹੰਗਾਮੀ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ। ਉਨ੍ਹਾਂ ਦੱਸਿਆ ਕਿ ਕੋਲ ਇੰਡੀਆ ਰੋਜ਼ਾਨਾ ਔਸਤਨ 13 ਲੱਖ ਟਨ ਕੋਲਾ ਉਤਪਾਦਨ ਕਰਦਾ ਹੈ। ਤਿੰਨ ਦਿਨ ਤੱਕ ਚਲਣ ਵਾਲੀ ਹੜਤਾਲ ਨਾਲ ਉਤਪਾਦਨ ’ਚ 40 ਲੱਖ ਟਨ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਸ੍ਰੀ ਪਾਂਡੇ ਨੇ ਦੱਸਿਆ ਕਿ ਕੋਲ ਇੰਡੀਆ ਦੀ ਸ਼ਾਖਾ ਐੱਸਈਸੀਐੱਲ ਦੇ ਸੋਹਾਗਪੁਰ ਇਲਾਕੇ (ਮੱਧ ਪ੍ਰਦੇਸ਼) ਦੇ ਜਨਰਲ ਮੈਨੇਜਰ ਨੇ ਬਾਹਰੋਂ ਲੋਕਾਂ ਨੂੰ ਮਾਈਨਿੰਗ ਦੇ ਕੰਮ ਲਈ ਸੱਦਿਆ ਅਤੇ ਇੰਜ ਕੋਲ ਇੰਡੀਆ ’ਚ ਪਹਿਲਾਂ ਕਦੇ ਵੀ ਨਹੀਂ ਹੋਇਆ ਹੈ। ਯੂਨੀਅਨਾਂ ਦੀ ਮੰਗ ਹੈ ਕਿ ਕੋਲ ਸਨਅਤ ’ਚ ਕਮਰਸ਼ੀਅਲ ਮਾਈਨਿੰਗ ਦੇ ਫ਼ੈਸਲੇ ਨੂੰ ਵਾਪਸ ਲਿਆ ਜਾਵੇ। ਸੀਆਈਐੱਲ ਜਾਂ ਐੱਸਸੀਸੀਐੱਲ ਦੇ ਨਿੱਜੀਕਰਨ ਅਤੇ ਉਸ ਨੂੰ ਕਮਜ਼ੋਰ ਕਰਨ ਜਿਹੇ ਕਦਮਾਂ ਨੂੰ ਵਾਪਸ ਲਿਆ ਜਾਵੇ। -ਪੀਟੀਆਈ
ਪ੍ਰਾਈਵੇਟ ਰੇਲ ਗੱਡੀਆਂ ਦੀ ਆਵਾਜਾਈ 2023 ਤੋਂ ਹੋ ਸਕਦੀ ਹੈ ਸ਼ੁਰੂ
ਨਵੀਂ ਦਿੱਲੀ: ਦੇਸ਼ ’ਚ ਪ੍ਰਾਈਵੇਟ ਰੇਲ ਗੱਡੀਆਂ ਦੀ ਆਵਾਜਾਈ ਅਪਰੈਲ 2023 ਤੱਕ ਸ਼ੁਰੂ ਹੋ ਸਕਦੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵੀਕੇ ਯਾਦਵ ਨੇ ਅੱਜ ਆਨਲਾਈਨ ਸੰਮੇਲਨ ’ਚ ਕਿਹਾ ਕਿ ਇਨ੍ਹਾਂ ਰੇਲ ਮਾਰਗਾਂ ’ਤੇ ਮੁਸਾਫ਼ਰ ਕਿਰਾਇਆ ਇਨ੍ਹਾਂ ਮਾਰਗਾਂ ’ਤੇ ਚੱਲਦੀ ਬੱਸ ਸੇਵਾ ਜਾਂ ਹਵਾਈ ਯਾਤਰਾ ਦੇ ਕਿਰਾਏ ਦੇ ਮੁਕਾਬਲੇ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਮੁਸਾਫ਼ਰ ਰੇਲ ਗੱਡੀਆਂ ਦੀ ਆਵਾਜਾਈ ’ਚ ਨਿੱਜੀ ਕੰਪਨੀਆਂ ਦੇ ਆਉਣ ਨਾਲ ਰੇਲਗੱਡੀਆਂ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣ ਤੇ ਉਨ੍ਹਾਂ ਦੇ ਕੋਚਾਂ ਦੀ ਤਕਨੀਕ ’ਚ ਤਬਦੀਲੀ ਆਵੇਗੀ। ਤਕਨੀਕ ਬਿਹਤਰ ਹੋਣ ਨਾਲ ਜਿਨ੍ਹਾਂ ਕੋਚਾਂ ਦੀ ਹੁਣ ਹਰ ਚਾਰ ਹਜ਼ਾਰ ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਮੁਰੰਮਤ ਦੀ ਲੋੜ ਹੁੰਦੀ ਹੈ ਉਹ ਸੀਮਾ ਹੁਣ 40 ਹਜ਼ਾਰ ਕਿਲੋਮੀਟਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਮੁਕਾਬਲੇ ਨਿੱਜੀ ਖੇਤਰ ਵੱਲੋਂ ਸਿਰਫ਼ 5 ਫੀਸਦ ਰੇਲ ਗੱਡੀਆਂ ਹੀ ਚਲਾਈਆਂ
ਜਾਣਗੀਆਂ। ਇਸੇ ਦੌਰਾਨ ਰੇਲਵੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਰੇਲ ਗੱਡੀਆਂ ਇਤਿਹਾਸ ’ਚ ਪਹਿਲੀ ਵਾਰ ਸੌ ਫੀਸਦ ਸਹੀ ਸਮੇਂ ’ਤੇ ਆਪਣੀਆਂ ਮੰਜ਼ਿਲਾਂ ’ਤੇ ਪਹੁੰਚ ਰਹੀਆਂ ਹਨ। ਰੇਲ ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਜੋ 230 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਉਹ ਸੌ ਫੀਸਦ ਸਹੀ ਸਮੇਂ ’ਤੇ ਪਹੁੰਚ ਰਹੀਆਂ ਹਨ। -ਪੀਟੀਆਈ
ਸਰਕਾਰ ਨੇ ਗਰੀਬਾਂ ਤੋਂ ਜੀਵਨ ਰੇਖਾ ਖੋਹੀ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 109 ਰੇਲ ਮਾਰਗਾਂ ’ਤੇ ਨਿੱਜੀ ਕੰਪਨੀਆਂ ਨੂੰ ਰੇਲ ਗੱਡੀਆਂ ਚਲਾਉਣ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਗਰੀਬਾਂ ਤੋਂ ਇੱਕੋ-ਇੱਕ ਜੀਵਨ ਰੇਖਾ ‘ਰੇਲ’ ਊਨ੍ਹਾਂ ਤੋਂ ਖੋਹ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਦੇ ਇਸ ਕਦਮ ਦਾ ਜਨਤਾ ਕਰਾਰਾ ਜਵਾਬ ਦੇਵੇਗੀ। -ਪੀਟੀਆਈ