ਚੰਡੀਗੜ੍ਹ/ਸ੍ਰੀਨਗਰ, 18 ਦਸੰਬਰ
ਸੀਤ ਲਹਿਰ ਨੇ ਪੂਰੇ ਉੱਤਰੀ ਭਾਰਤ ’ਚ ਕੰਬਣੀ ਛੇੜ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਸਮੇਤ ਪੰਜ ਸੂਬਿਆਂ ’ਚ ਮੰਗਲਵਾਰ ਤੱਕ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ’ਚ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ’ਚ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।
ਸ੍ਰੀਨਗਰ ਸਣੇ ਹੋਰ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਸਭ ਤੋਂ ਸਰਦ ਰਾਤ ਰਹੀ ਅਤੇ ਵਾਦੀ ਵਿੱਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ ਹੈ। ਤਾਪਮਾਨ ਡਿੱਗਣ ਕਾਰਨ ਜਲ ਸਪਲਾਈ ਲਾਈਨ ਦੇ ਨਾਲ ਨਾਲ ਪਾਣੀ ਦੇ ਸਰੋਤਾਂ ਵਿੱਚ ਵੀ ਬਰਫ਼ ਜੰਮ ਗਈ ਹੈ। ਸ੍ਰੀਨਗਰ ਦਾ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਛੇ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਪਿਛਲੀ ਰਾਤ 3.8 ਡਿਗਰੀ ਸੈਲਸੀਅਸ ਰਿਹਾ ਸੀ। ਇਸ ਖੇਤਰ ਦੀ ਇਹ ਸਭ ਤੋਂ ਸਰਦ ਰਾਤ ਸੀ। ਉਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦਾ ਗੁਲਮਰਗ ਰਿਜ਼ੌਰਟ ਘੱਟੋ-ਘੱਟ ਤਾਪਮਾਨ ਮਨਫ਼ੀ 8.5 ਡਿਗਰੀ ਸੈਲਸੀਅਸ ਨਾਲ ਵਾਦੀ ਦਾ ਸਭ ਤੋਂ ਠੰਢਾ ਸਥਾਨ ਰਿਹਾ। ਇਸੇ ਤਰ੍ਹਾਂ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 6.1 ਅਤੇ ਕਾਜ਼ੀਗੁੰਡ ਵਿੱਚ ਮਨਫ਼ੀ ਛੇ ਡਿਗਰੀ, ਜਦੋਂਕਿ ਕੋਕਰਨਾਗ ਵਿੱਚ ਮਨਫ਼ੀ 5.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੀਤ ਲਹਿਰ ਕਾਰਨ ਕਸ਼ਮੀਰ ਦੇ ਬਹੁਤ ਸਾਰੇ ਖੇਤਰਾਂ ਵਿੱਚ ਜਲ ਸਪਲਾਈ ਲਾਈਨ ਅਤੇ ਪਾਣੀ ਦੇ ਕਈ ਸਰੋਤ ਵੀ ਜੰਮ ਗਏ ਹਨ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਠੰਢ ਹੋਰ ਵਧਣ ਅਤੇ ਕ੍ਰਿਸਮਸ ਤੱਕ ਹਲਕੀ ਤੋਂ ਭਾਰੀ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ