ਨਵੀਂ ਦਿੱਲੀ, 6 ਮਈ
ਚੀਫ ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਗੁਹਾਟੀ ਤੇ ਗੁਜਰਾਤ ਹਾਈ ਕੋਰਟ ਦੇ ਦੋ ਜੱਜਾਂ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਵਿੱਚ ਜੱਜ ਲਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਦੇ 15 ਨਾਵਾਂ ਦੀ ਦਿੱਲੀ, ਪਟਨਾ ਅਤੇ ਆਂਧਰਾ ਪ੍ਰਦੇਸ਼ ਹਾਈ ਕੋਰਟਾਂ ਵਿੱਚ ਜੱਜਾਂ ਵਜੋਂ ਨਿਯੁਕਤੀ ਲਈ ਸਿਫਾਰਸ਼ ਵੀ ਕੀਤੀ ਹੈ। ਇਹ ਜਾਣਕਾਰੀ ਅੱਜ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ ਹੈ।
ਕੌਲਿਜੀਅਮ ਨੇ ਗੁਹਾਟੀ ਹਾਈ ਕੋਰਟ ਦੇ ਜਸਿਟਸ ਸੁਧਾਂਸ਼ੂ ਧੂਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜਸਟਿਸ ਜਮਸ਼ੇਦ ਬੀ. ਪਾਰਦੀਵਾਲਾ ਨੂੰ ਸੁਪਰੀਮ ਕੋਰਟ ਵਿੱਚ ਜੱਜ ਵਜੋਂ ਤਰੱਕੀ ਦੀ ਸਿਫਾਰਸ਼ ਕੀਤੀ ਹੈ। ਜੇਕਰ ਕੇਂਦਰ ਵੱਲੋਂ ਇਹ ਸਿਫਾਰਸ਼ਾਂ ਪ੍ਰਵਾਨ ਕਰ ਲਈਆਂ ਜਾਂਦੀਆਂ ਹਨ, ਤਾਂ ਇਸ ਨਾਲ ਸੁਪਰੀਮ ਕੋਰਟ ਦੇ ਜੱਜਾਂ ਗਿਣਤੀ ਪੂਰੀ (34) ਹੋ ਜਾਵੇਗੀ ਅਤੇ ਜਸਟਿਸ ਪਾਰਦੀਵਾਲਾ ਦੋ ਸਾਲਾਂ ਤੋਂ ਵੱਧ ਸਮੇਂ ਲਈ ਭਾਰਤ ਦੇ ਚੀਫ਼ ਜਸਟਿਸ ਵੀ ਬਣ ਸਕਦੇ ਹਨ। ਇਸ ਤੋਂ ਇਲਾਵਾ ਕੌਲਿਜੀਅਮ ਨੇ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਦੇ 15 ਨਾਵਾਂ ਦੀ ਦਿੱਲੀ, ਪਟਨਾ ਅਤੇ ਆਂਧਰਾ ਪ੍ਰਦੇਸ਼ ਹਾਈ ਕੋਰਟਾਂ ਵਿੱਚ ਜੱਜਾਂ ਵਜੋਂ ਨਿਯੁਕਤੀ ਲਈ ਵੀ ਸਿਫਾਰਸ਼ ਕੀਤੀ ਹੈ। ਕੌਲਿਜੀਅਮ ਦੇ ਤਿੰਨ ਵੱਖ-ਵੱਖ ਮਤਿਆਂ, ਜਿਨ੍ਹਾਂ ਨੂੰ ਅੱਜ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ, ਵਿੱਚ 7 ਵਕੀਲਾਂ ਦੀ ਦਿੱਲੀ ਹਾਈ ਕੋਰਟ ’ਚ ਜੱਜਾਂ ਵਜੋਂ ਨਿਯੁਕਤੀ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਤਰ੍ਹਾਂ ਪਟਨਾ ਹਾਈ ਕੋਰਟ ਨੂੰ ਵੀ 7 ਜੱਜ ਮਿਲਣਗੇ, ਜਿਨ੍ਹਾਂ ਨੂੰ ਹੇਠਲੀਆਂ ਅਦਾਲਤਾਂ ਤੋਂ ਤਰੱਕੀ ਦਿੱਤੀ ਜਾਵੇਗੀ। ਜੇਕਰ ਕੇਂਦਰ ਇਨ੍ਹਾਂ ਸਿਫਾਰਸ਼ਾਂ ਨਾਲ ਸਹਿਮਤ ਹੁੰਦਾ ਤਾਂ ਇੱਕ ਵਕੀਲ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਜੱਜ ਬਣਾਇਆ ਜਾਵੇਗਾ। ਦਿੱਲੀ ਹਾਈ ਕੋਰਟ ਲਈ ਜਿਨ੍ਹਾਂ ਵਕੀਲਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ ਉਨ੍ਹਾਂ ਵਿੱਚ ਵਿਕਾਸ ਮਹਾਜਨ, ਤੁਸ਼ਾਰ ਰਾਓ ਗੇਡੇਲਾ, ਮਨਮੀਤ ਪ੍ਰੀਤਮ ਸਿੰਘ ਅਰੋੜਾ, ਸਚਿਨ ਦੱਤਾ, ਅਮਿਤ ਮਹਾਜਨ, ਗੁਰਾਂਗ ਕੈਂਥ ਅਤੇ ਸੌਰਭ ਬੈਨਰਜੀ ਸ਼ਾਮਲ ਹਨ।
ਕੌਲਿਜੀਅਮ ਨੇ 4 ਮਈ ਨੂੰ ਹੋਈ ਆਪਣੀ ਮੀਟਿੰਗ ਵਿੱਚ 7 ਨਿਆਂਇਕ ਅਧਿਕਾਰੀਆਂ ਨੂੰ ਪਟਨਾ ਹਾਈ ਕੋਰਟ ਦੇ ਜੱਜਾਂ ਵਜੋਂ ਤਰੱਕੀਯਾਬ ਕਰਨ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿੱਤੀ ਹੈ। ਨਿਆਂਇਕ ਅਧਿਕਾਰੀਆਂ ਵਿੱਚ ਸ਼ੈਲੇਂਦਰ ਸਿੰਘ, ਅਰੁਣ ਕੁਮਾਰ ਝਾਅ, ਜਿਤੇਂਦਰ ਕੁਮਾਰ, ਅਲੋਕ ਕੁਮਾਰ ਪਾਂਡੇ, ਸੁਨੀਲ ਦੱਤਾ ਮਿਸ਼ਰਾ, ਚੰਦਰ ਪ੍ਰਕਾਸ਼ ਸਿੰਘ ਅਤੇ ਚੰਦਰ ਸ਼ੇਖਰ ਝਾਅ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕੌਲਿਜੀਅਮ ਨੇ ਵੱਲੋਂ ਐਡਵੋਕੇਟ ਮਹਬਿੂਬ ਸੁਭਾਨੀ ਸ਼ੇਖ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿੱਤੀ ਹੈ। ਦੱਸਣਯੋਗ ਹੈ ਕਿ ਚੀਫ਼ ਜਸਟਿਸ ਰਾਮੰਨਾ ਤੋਂ ਇਲਾਵਾ ਜਸਟਿਸ ਯੂ.ਯੂ. ਲਲਿਤ ਤੇ ਏ.ਐੱਮ. ਖਾਨਵਿਲਕਰ ਵੀ ਤਿੰਨ ਮੈਂਬਰੀ ਕੌਲਿਜੀਅਮ ਦਾ ਹਿੱਸਾ ਹਨ, ਜਿਸ ਵੱਲੋਂ ਹਾਈ ਕੋਰਟਾਂ ਦੇ ਜੱਜਾਂ ਸਬੰਧੀ ਫੈਸਲੇ ਲਏ ਜਾਂਦੇ ਹਨ। -ਪੀਟੀਆਈ