ਨਵੀਂ ਦਿੱਲੀ: ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਅੱਜ ਛੱਤੀਸਗੜ੍ਹ ਹਾਈ ਕੋਰਟ ਦੇ ਜੱਜ ਪੀ ਸੈਮ ਕੋਸ਼ੀ ਨੂੰ ਤਿਲੰਗਾਨਾ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਹੈ। ਕੌਲਿਜੀਅਮ ਨੇ ਅੱਜ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ। ਕੌਲਿਜੀਅਮ ਵਿੱਚ ਜਸਟਿਸ ਐੱਸ.ਕੇ. ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਸੂਰਿਆਕਾਂਤ ਵੀ ਸ਼ਾਮਲ ਸਨ। ਜਸਟਿਸ ਕੋਸ਼ੀ ਨੇ ਆਪਣੀ ਬਦਲੀ ਛੱਤੀਸਗੜ੍ਹ ਤੋਂ ਬਾਹਰ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਅਪੀਲ ਨੂੰ ਸਵੀਕਾਰ ਕਰਦੇ ਹੋਏ 5 ਜੁਲਾਈ ਨੂੰ ਕੌਲਿਜੀਅਮ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਦਿੱਤਾ ਸੀ। ਕੌਲਿਜੀਅਮ ਨੇ ਇਕ ਪ੍ਰਸਤਾਵ ਵਿੱਚ ਕਿਹਾ, ‘‘ਹਾਲਾਂਕਿ, ਜਸਟਿਸ ਕੋਸ਼ੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਇਲਾਵਾ ਹੋਰ ਹਾਈ ਕੋਰਟ ਵਿੱਚ ਬਦਲੀ ਕਰਨ ਦੀ ਅਪੀਲ ਕੀਤੀ। ਜਸਟਿਸ ਕੋਸ਼ੀ ਨੇ ਸਵੈ ਇੱਛਾ ਨਾਲ ਛੱਤੀਸਗੜ੍ਹ ਤੋਂ ਬਾਹਰ ਬਦਲੀ ਲਈ ਅਪੀਲ ਕੀਤੀ।’’ ਪ੍ਰਸਤਾਵ ਵਿੱਚ ਕਿਹਾ ਗਿਆ, ‘‘ਇਸ ਕੌਲਿਜੀਅਮ ਵੱਲੋਂ ਕੱਲ੍ਹ ਕੀਤੀ ਗਈ ਸਿਫਾਰਸ਼ ’ਤੇ ਮੁੜ ਵਿਚਾਰ ਕਰਨ ਮਗਰੋਂ ਹੁਣ ਕੌਲਿਜੀਅਮ ਇਹ ਸਿਫਾਰਸ਼ ਕਰਦਾ ਹੈ ਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੀ ਥਾਂ ਤਿਲੰਗਾਨਾ ਹਾਈ ਕੋਰਟ ਵਿੱਚ ਤਬਦੀਲ ਕੀਤਾ ਜਾਵੇ।’’ -ਪੀਟੀਆਈ