ਇੰਦੌਰ, 7 ਫਰਵਰੀ
ਕਾਮੇਡੀਅਨ ਮੁਨੱਵਰ ਫਾਰੂਕੀ ਨੂੰ 35 ਦਿਨਾਂ ਮਗਰੋਂ ਸ਼ਨਿਚਰਵਾਰ ਦੇਰ ਰਾਤ ਇੰਦੌਰ ਦੀ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇੱਕ ਮਾਮਲੇ ਵਿੱਚ ਫਾਰੂਕੀ ਨੂੰ ਸ਼ੁੱਕਰਵਾਰ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਸੀ। ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਤੋਂ ਆਦੇਸ਼ ਪ੍ਰਾਪਤ ਹੋਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਫਾਰੂਕੀ ਨੂੰ ਰਿਹਾਅ ਕਰ ਦਿੱਤਾ ਹੈ।
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਥਿਤ ਮਾਮਲੇ ਵਿੱਚ ਫਾਰੂਕੀ ਪਹਿਲੀ ਜਨਵਰੀ ਤੋਂ ਇੰਦੌਰ ਜੇਲ੍ਹ ਵਿੱਚ ਬੰਦ ਸੀ। ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ 28 ਜਨਵਰੀ ਨੂੰ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਮਗਰੋਂ ਸਿਖਰਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਉਸ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਸੀ। ਫਾਰੂਕੀ ਖ਼ਿਲਾਫ਼ ਇਸ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਪ੍ਰਯਾਗਰਾਜ ਦੀ ਇੱਕ ਅਦਾਲਤ ਵੱਲੋਂ ਜਾਰੀ ਪੇਸ਼ਗੀ ਵਾਰੰਟ ’ਤੇ ਵੀ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਜੇਲ੍ਹ ਵਿੱਚੋਂ ਰਿਹਾਅ ਹੋਣ ਮਗਰੋਂ ਸਟੈਂਡ-ਅੱਪ ਕਾਮੇਡੀਅਨ ਫਾਰੂਕੀ ਨੇ ਕਿਹਾ ਕਿ ਉਸ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਅਤੇ ਇਨਸਾਫ਼ ਮਿਲਣ ਦੀ ਪੂਰੀ ਉਮੀਦ ਹੈ। -ਪੀਟੀਆਈ