ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਮਾਰਚ
ਕਿਸਾਨਾਂ ਨੇ ਦਿੱਲੀ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ 6 ਮਾਰਚ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਕੇਐੱਮਪੀ ਨੂੰ ਸੀਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 6 ਮਾਰਚ ਦੇ ਦਿਨ ਕੇਐੱਮਪੀ ਦਾ ਰਸਤਾ ਨਾ ਅਪਨਾਉਣ। ਅੱਜ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੌਜਵਾਨਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਇਰਾਦਾ ਕੋਈ ਵਿਵਾਦ ਜਾਂ ਅਸ਼ਾਂਤੀ ਪੈਦਾ ਨਹੀਂ ਕਰਨਾ ਹੈ। ਸਰਕਾਰ ਚਾਹੁੰਦੀ ਹੈ ਕਿ ਕਿਸਾਨ ਅੰਦੋਲਨ ਵਿਚ ਕੋਈ ਗੜਬੜ ਹੋਵੇ ਪਰ ਕਿਸਾਨ ਕੇਐੱਮਪੀ ਜਾਮ ਨੂੰ ਚੱਕਾ ਜਾਮ ਤੇ ਰੇਲ ਰੋਕੋ ਮੁਹਿੰਮ ਦੀ ਤਰ੍ਹਾਂ ਪੂਰੀ ਤਰ੍ਹਾਂ ਸਫਲ ਬਣਾਉਣਗੇ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਪੱਸ਼ਟ ਕਿਹਾ ਕਿ ਗੜਬੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕੇਐੱਮਪੀ ’ਤੇ ਜਾਮ ਦੌਰਾਨ ਨਾ ਸਿਰਫ ਸ਼ਾਂਤਮਈ ਧਰਨਾ ਲਗਾਉਣ, ਬਲਕਿ ਜਾਮ ਵਿੱਚ ਫਸੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਪਾਣੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਵੀ ਨਹੀਂ ਰੋਕੀਆਂ ਜਾਣਗੀਆਂ।
ਕਿਸਾਨਾਂ ਵੱਲੋਂ ਡਰਾਈਵਰਾਂ ਨੂੰ ਅਪੀਲ: ਕੇਐੱਮਪੀ ਆਉਣ ਤੇ ਹੋਰ ਰਸਤੇ ਛੱਡਣ ਲਈ ਕਿਸਾਨਾਂ ਨੇ ਡਰਾਈਵਰਾਂ ਤੋਂ ਸਹਾਇਤਾ ਮੰਗੀ ਹੈ। ਕਿਸਾਨਾਂ ਨੇ ਡਰਾਈਵਰਾਂ ਨੂੰ 6 ਮਾਰਚ ਨੂੰ ਸਵੇਰੇ ਤੜਕੇ ਤੋਂ ਆਪਣਾ ਰਸਤਾ ਬਦਲਣ ਤੇ ਕੇਐੱਮਪੀ ਵੱਲ ਨਾ ਜਾਣ ਦੀ ਸਲਾਹ ਦਿੱਤੀ।
ਕੈਲੀਫੋਰਨੀਆ ਦੇ ਲੰਗਰ ਦੀ ਚਰਚਾ: ਕੈਲੀਫੋਰਨੀਆ ਦੇ ਗੁਰਦੁਆਰੇ ਵੱਲੋਂ ਲਗਾਏ ਜਾ ਰਹੇ ਲੰਗਰ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ। ਇਹ ਲੰਗਰ ਮੁੱਖ ਮੰਚ ਤੋਂ ਕੁਝ ਦੂਰੀ ’ਤੇ ਹੈ। ਇਹ ਲੰਗਰ 24 ਘੰਟੇ ਚਲਦਾ ਹੈ। ਇੱਥੇ ਸਵੇਰੇ ਸੈਂਡਵਿਚ, ਦੁਪਹਿਰ ਨੂੰ ਪਰਾਂਠੇ ਤੇ ਸ਼ਾਮ ਨੂੰ ਦਾਲ-ਰੋਟੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਲੰਗਰ ਨੇੜੇ ਇਕ ਹਸਪਤਾਲ ਵੀ ਹੈ। ਇੱਥੇ 5 ਟਰੱਕਾਂ ’ਚ ਲੰਗਰ ਤਿਆਰ ਹੁੰਦਾ ਹੈ।
ਮੱਧ ਪ੍ਰਦੇਸ਼ ਵਿੱਚ ‘ਕਿਸਾਨ ਮਹਾਪੰਚਾਇਤ’
ਰਤਲਾਮ (ਮੱਧ ਪ੍ਰਦੇਸ਼): ਇੱਥੇ ਅੱਜ ਕਾਂਗਰਸੀ ਆਗੂ ਦਿਗਵਿਜੈ ਸਿੰਘ ਵੱਲੋਂ ਕੀਤੀ ਗਈ ਇਕ ‘ਕਿਸਾਨ ਮਹਾਪੰਚਾਇਤ’ ਵੱਲੋਂ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨੂੰ ਸਮਰਥਨ ਦਿੱਤਾ ਗਿਆ ਅਤੇ ਇਹ ਵਿਵਾਦਤ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਇਹ ਮਹਾਪੰਚਾਇਤ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਪੈਂਦੇ ਦੇਲਾਨਪੁਰ ’ਚ ਹੋਈ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ (ਬੀਕੇਯੂ ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਸ਼ਾਮਲ ਹੋਏ।
-ਪੀਟੀਆਈ