ਨਵੀਂ ਦਿੱਲੀ, 19 ਫਰਵਰੀ
ਵੱਟਸਐਪ ਨੇ ਆਪਣੀ ਵਿਵਾਦਤ ਨਿੱਜਤਾ ਨੀਤੀ ਨਾਲ ਅੱਗੇ ਵਧਣ ਦੇ ਕੁਝ ਘੰਟਿਆਂ ਮਗਰੋਂ ਹੀ ਅੱਜ ਕਿਹਾ ਕਿ ਉਸ ਨੇ ਭਾਰਤ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਉਹ ਦੇਸ਼ ’ਚ ਆਪਣੇ ਵਰਤੋਂਕਾਰਾਂ ਦੀ ਨਿੱਜਤਾ ਦੀ ਸੁਰੱਖਿਆ ਬਣਾਈ ਰੱਖਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਸ ਮੈਸੇਜਿੰਗ ਐਪ ਨੂੰ ਨਿੱਜਤਾ ਨੀਤੀ, ਜਿਸ ਤਹਿਤ ਐਪ ਵਰਤੋਂਕਾਰਾਂ ਦਾ ਡੇਟਾ ਫੇਸਬੁੱਕ ਅਤੇ ਇਸ ਦੀਆਂ ਹੋਰ ਕੰਪਨੀਆਂ ਨਾਲ ਸਾਂਝਾ ਕੀਤਾ ਜਾਣਾ ਸੀ, ਅਪਡੇਟ ਕਰਨ ਦੇ ਮਾਮਲੇ ’ਤੇ ਸਰਕਾਰ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ ਵਟਸਐਪ ਦੇ ਵਰਤੋਂਕਾਰਾਂ ਵੱਲੋਂ ਟੈਲੀਗ੍ਰਾਮ ਅਤੇ ਸਿਗਨਲ ਐਪ ਆਦਿ ਦੀ ਵਰਤੋਂ ਸ਼ੁਰੂੁ ਦਿੱਤੀ ਸੀ।
ਇੱਕ ਈਮੇਲ ਰਾਹੀਂ ਵੱਟਸਐਪ ਨੇ ਦੱਸਿਆ, ‘ਗੁਮਰਾਹਕੁਨ ਜਾਣਕਾਰੀ ਅਤੇ ਵਰਤੋਂਕਾਰਾਂ ਦੇ ਹੁੰਗਾਰੇ ’ਤੇ ਆਧਾਰ ’ਤੇ ਅਸੀਂ ਵੱਟਸਐਪ ਦੇ ਨੇਮਾਂ ਨੂੰ 15 ਮਈ ਤਕ ਸਵੀਕਾਰ ਕਰਨ ਸਬੰਧੀ ਸਮਾਂ ਸੀਮਾ ਵਾਪਸ ਲੈ ਲਈ ਹੈ। ਇਸ ਦੌਰਾਨ ਅਸੀਂ ਸਰਕਾਰ ਨਾਲ ਤਾਲਮੇਲ ਜਾਰੀ ਰੱਖਾਂਗੇ ਤੇ ਉਨ੍ਹਾਂ ਵੱਲੋਂ ਪ੍ਰਾਪਤ ਸਵਾਲਾਂ ਦੇ ਜਵਾਬ ਦੇਵਾਂਗਾ।’ ਵਟਸਐਪ ਅਗਲੇ ਕੁਝ ਹਫ਼ਤਿਆਂ ਤੋਂ ਵਿਸ਼ੇਸ਼ ਬੈਨਰ ਰਾਹੀਂ ਆਪਣੇ ਵਰਤੋਂਕਾਰਾਂ ਨੂੰ ਅਪਡੇਟ ਸਬੰਧੀ ਵਾਧੂ ਜਾਣਕਾਰੀ ਵੀ ਮੁਹੱਈਆ ਕਰਵਾਏਗਾ। -ਪੀਟੀਆਈ