ਨਵੀਂ ਦਿੱਲੀ, 12 ਫਰਵਰੀ
ਸੁਪਰੀਮ ਕੋਰਟ ਵੱਲੋਂ ਕਾਇਮ ਕਮੇਟੀ ਨੇ ਅੱਜ 12 ਕਿਸਾਨ ਯੂਨੀਅਨਾਂ ਤੇ ਪੱਛਮੀ ਬੰਗਾਲ ਸਮੇਤ ਅੱਠ ਰਾਜਾਂ ਦੇ ਕਿਸਾਨਾਂ ਨਾਲ ਵਿਵਾਦਿਤ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਵਿਚਾਰ ਚਰਚਾ ਤੇ ਸਲਾਹ ਮਸ਼ਵਰਾ ਕੀਤਾ। ਕਮੇਟੀ ਵੱਲੋਂ ਹੁਣ ਤੱਕ ਕੀਤੀ ਇਹ ਸੱਤਵੀਂ ਮੀਟਿੰਗ ਸੀ। ਚੇਤੇ ਰਹੇ ਕਿ ਇਸ ਤਿੰਨ ਮੈਂਬਰੀ ਕਮੇਟੀ ਵੱਲੋਂ ਸਾਰੇੇ ਸਬੰਧਤ ਭਾਈਵਾਲਾਂ ਨਾਲ ਆਨਲਾਈਨ ਤੇ ਨਿੱਜੀ ਦੋਵਾਂ ਤਰੀਕਿਆਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। ਕਮੇਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੇ ਕਿਸਾਨਾਂ , ਕਿਸਾਨ ਯੂਨੀਅਨਾਂ ਤੇ ਖੇਤੀ ਉਤਪਾਦ ਸੰਗਠਨਾਂ (ਐੱਫਪੀਓ’ਜ਼) ਨਾਲ ਵਰਚੁਅਲ ਕਾਨਫਰੰਸਾਂ ਜ਼ਰੀਏ ਉਨ੍ਹਾਂ ਦੀ ਰਾਏ ਲਈ ਹੈ। ਬਿਆਨ ਮੁਤਾਬਕ 12 ਕਿਸਾਨ ਯੂਨੀਅਨਾਂ ਤੇ ਆਂਧਰਾ ਪ੍ਰਦੇਸ਼, ਬਿਹਾਰ, ਜੰਮੂ ਤੇ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਕਿਸਾਨਾਂ ਨੇ ਕਮੇਟੀ ਮੈਂਬਰਾਂ ਨਾਲ ਤਫ਼ਸੀਲ ਵਿੱਚ ਵਿਚਾਰ ਚਰਚਾ ਕੀਤੀ। ਕਮੇਟੀ ਨੇ ਕਿਹਾ, ‘ਮੀਟਿੰਗ ’ਚ ਸ਼ਾਮਲ ਕਿਸਾਨ ਯੂਨੀਅਨਾਂ, ਐੱਫਪੀਓਜ਼ ਤੇ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ’ਤੇ ਤਫ਼ਸੀਲ ’ਚ ਆਪਣੀ ਰਾਏ ਤੇ ਸੁਝਾਅ ਦਿੱਤੇ।’ -ਪੀਟੀਆਈ