ਨਵੀਂ ਦਿੱਲੀ: ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ ਦੱਸਿਆ ਕਿ ਸੈਸ਼ਨ 2022-23 ਤੋਂ ਕੇਂਦਰੀ ਯੂਨੀਵਰਸਿਟੀਆਂ ਦੇ ਅੰਡਰ-ਗਰੈਜੂਏਟ ਤੇ ਪੋਸਟ-ਗਰੈਜੂਏਟ ਕੋਰਸਾਂ ਵਿੱਚ ਦਾਖ਼ਲਿਆਂ ਲਈ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਸਾਂਝਾ ਦਾਖ਼ਲਾ ਟੈਸਟ (ਸੀਈਟੀ) ਲਵੇਗੀ। ਯੂਜੀਸੀ ਨੇ ਇਹ ਵੀ ਕਿਹਾ ਕਿ ਜਿੱਥੇ ਵੀ ਸੰਭਵ ਹੋਇਆ, ਪੀਐੱਚਡੀ ਪ੍ਰੋਗਰਾਮ ਵਿੱਚ ਦਾਖ਼ਲੇ ਲਈ ਨੈੱਟ ਵਿੱਚ ਪ੍ਰਾਪਤ ਅੰਕਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਲਿਖੇ ਪੱਤਰ ’ਚ ਕਿਹਾ,‘ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੈਸ਼ਨ 2022-23 ਤੋਂ ਸਾਂਝਾ ਦਾਖ਼ਲਾ ਟੈਸਟ ਲੈਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਇਹ ਟੈਸਟ ਘੱਟੋ-ਘੱਟ 13 ਭਾਸ਼ਾਵਾਂ ਵਿੱਚ ਲਏ ਜਾਣਗੇ, ਜਿਨ੍ਹਾਂ ਵਿੱਚ ਐੱਨਟੀਏ ਪਹਿਲਾਂ ਹੀ ਜੇਈਈ ਤੇ ਨੀਟ ਪ੍ਰੀਖਿਆਵਾਂ ਲੈ ਰਹੀ ਹੈ। ਸਾਂਝਾ ਦਾਖ਼ਲਾ ਟੈਸਟ ਇੱਛੁਕ ਸੂਬੇ/ਪ੍ਰਾਈਵੇਟ ਯੂਨੀਵਰਸਿਟੀਆਂ/ਡੀਮਡ ਹੋਣ ਵਾਲੀਆਂ ਯੂਨੀਵਰਸਿਟੀਆਂ ਵੱਲੋਂ ਵੀ ਅਪਣਾਇਆ ਜਾ ਸਕਦਾ ਹੈ।’ -ਪੀਟੀਆਈ