ਬਰਮਿੰਘਮ, 31 ਜੁਲਾਈ
ਰਾਸ਼ਟਰਮੰਡਲ ਖੇਡਾਂ-2022 ਵਿੱਚ ਕ੍ਰਿਕਟ ਮੁਕਾਬਲਿਆਂ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਐਜਬੈਸਟਨ ਵਿੱਚ ਖੇਡੇ ਗਏ ਗਰੁੱਪ-ਏ ਦੇ ਟੀ-20 ਮੈਚ ਵਿੱਚ ਪਹਿਲਾਂ ਖੇਡਦਿਆਂ ਪਾਕਿਸਤਾਨ ਦੀ ਟੀਮ ਨਿਰਧਾਰਤ 18 ਓਵਰਾਂ ਵਿੱਚ ਸਿਰਫ 99 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਸਨੇਹ ਰਾਣਾ ਤੇ ਰਾਧਾ ਯਾਦਵ ਨੇ ਦੋ ਦੋ ਵਿਕਟਾਂ ਲਈਆਂ। ਜਵਾਬ ਵਿੱਚ ਖੇਡਦਿਆਂ ਭਾਰਤੀ ਟੀਮ ਨੇ ਸਮ੍ਰਿਤੀ ਮੰਧਾਨਾ ਦੇ ਅਰਧ ਸੈਂਕੜੇ ਸਦਕਾ 100 ਦੌੜਾਂ ਦਾ ਟੀਚਾ ਸਿਰਫ 11.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਮੰਧਾਨਾ ਨੇ 63 ਦੌੜਾਂ ਦੀ ਪਾਰੀ ਖੇਡੀ ਜਦਕਿ ਸ਼ੈਫਾਲੀ ਵਰਮਾ ਨੇ 16 ਤੇ ਐੱਸ. ਮੇਘਨਾ ਨੇ 14 ਦੌੜਾਂ ਦਾ ਯੋਗਦਾਨ ਦਿੱਤਾ। ਮੀਂਹ ਪੈਣ ਕਾਰਨ ਮੈਚ ਵਿੱਚ ਓਵਰਾਂ ਦੀ ਗਿਣਤੀ ਘਟਾ ਕੇ 18-18 ਕੀਤੀ ਗਈ ਸੀ। ਦੱਸਣਯੋਗ ਹੈ ਕਿ ਭਾਰਤੀ ਟੀਮ ਨੂੰ ਆਪਣੇ ਪਹਿਲੇ ਮੈਚ ਵਿੱਚ ਆਸਟਰੇਲੀਆ ਦੀ ਮਹਿਲਾ ਟੀਮ ਹੱਥੋਂ ਤਿੰਨ ਵਿਕਟਾਂ ਨਾਲ ਹਾਰ ਮਿਲੀ ਸੀ। ਭਾਰਤੀ ਟੀਮ ਰਨ ਔਸਤ ਦੇ ਆਧਾਰ ’ਤੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ ਅਤੇ ਉਸ ਦੀਆਂ ਸੈਮੀ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ।