ਜੈਪੁਰ, 3 ਅਪਰੈਲ
ਰਾਜਸਥਾਨ ਦੇ ਕਰੌਲੀ ਵਿਚ ਹੋਈ ਫ਼ਿਰਕੂ ਹਿੰਸਾ ਤੋਂ ਬਾਅਦ ਕਰਫ਼ਿਊ ਜਾਰੀ ਹੈ। ਜ਼ਿਕਰਯੋਗ ਹੈ ਕਿ ਹਿੰਦੂ ਨਵੇਂ ਵਰ੍ਹੇ ਮੌਕੇ ਕੱਢੀ ਜਾ ਰਹੀ ਮੋਟਰਸਾਈਕਲ ਰੈਲੀ ਉਤੇ ਪੱਥਰ ਸੁੱਟੇ ਗਏ ਸਨ ਤੇ ਮਗਰੋਂ ਫ਼ਿਰਕੂ ਟਕਰਾਅ ਵਿਚ 35 ਵਿਅਕਤੀ ਫੱਟੜ ਹੋ ਗਏ ਸਨ। ਪੁਲੀਸ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ 36 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਸਥਿਤੀ ਹੁਣ ਕਾਬੂ ਹੇਠ ਹੈ। ਜੈਪੁਰ ਤੋਂ 170 ਕਿਲੋਮੀਟਰ ਦੂਰ ਕਰੌਲੀ ਵਿਚ ਮੋਬਾਈਲ ਇੰਟਰਨੈੱਟ ਵੀ ਬੰਦ ਰੱਖਿਆ ਗਿਆ ਹੈ। ਰਾਜਸਥਾਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਰੈਲੀ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਇਲਾਕੇ ਵਿਚੋਂ ਗੁਜ਼ਰ ਰਹੀ ਸੀ ਜਦ ਇਸ ਉਤੇ ਪੱਥਰ ਸੁੱਟੇ ਗਏ। ਹਿੰਸਾ ਵਿਚ ਕੁਝ ਦੁਕਾਨਾਂ ਤੇ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ। ਹਿੰਸਾ ਵਿਚ ਫੱਟੜ 9 ਜਣਿਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ। ਕਰੌਲੀ ਵਿਚ 600 ਪੁਲੀਸ ਕਰਮੀਆਂ ਜਿਨ੍ਹਾਂ ਵਿਚ 50 ਅਧਿਕਾਰੀ ਵੀ ਸ਼ਾਮਲ ਹਨ, ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਰ ਆਈਪੀਐੱਸ ਅਧਿਕਾਰੀ ਵੀ ਉੱਥੇ ਭੇਜੇ ਗਏ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਡੀਜੀਪੀ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। -ਪੀਟੀਆਈ