ਨਵੀਂ ਦਿੱਲੀ: ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਰਮਿਆਨ ਕੇੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਈਂਧਣ ਕੀਮਤਾਂ ਤੇਲ ਕੰਪਨੀਆਂ ਵੱਲੋਂ ਨਿਰਧਾਰਿਤ ਕੀਤੀਆਂ ਜਾਣਗੀਆਂ। ਪੁਰੀ ਨੇ ਸਾਫ਼ ਕਰ ਦਿੱਤਾ ਕਿ ਦੇਸ਼ ਵਿੱਚ ਕੱਚੇ ਤੇਲ ਦੀ ਕੋਈ ਕਿੱਲਤ ਨਹੀਂ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਵਡੇਰੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲਏਗੀ। ਪੁਰੀ ਨੇ ਪੱਤਰਕਾਰਾਂ ਦੇ ਰੂੁਬਰੂ ਹੁੰਦਿਆਂ ਕਿਹਾ, ‘‘ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕੱਚੇ ਤੇਲ ਦੀ ਕੋਈ ਕਮੀ ਨਹੀਂ ਹੈ। ਦੇਸ਼ ਦੀਆਂ 85 ਫੀਸਦ ਊਰਜਾ ਲੋੜਾਂ ਲਈ ਭਾਵੇਂ ਅਸੀਂ ਕੱਚੇ ਤੇਲ ਦੀਆਂ ਦਰਾਮਦਾਂ ਅਤੇ 50 ਤੋਂ 55 ਫੀਸਦੀ ਗੈਸ ’ਤੇ ਟੇਕ ਰੱਖਦੇ ਹਾਂ, ਪਰ ਅਸੀਂ ਊਰਜਾ ਲੋੜਾਂ ਦੀ ਪੂਰਤੀ ਯਕੀਨੀ ਬਣਾਵਾਂਗੇ।’’ ਉਨ੍ਹਾਂ ਚੋਣਾਂ ਕਰਕੇ ਤੇਲ ਕੀਮਤਾਂ ਨਾ ਵਧਾਉਣ ਤੇ ਹੁਣ ਚੋਣਾਂ ਮਗਰੋਂ ਮੁੜ ਵਾਧਾ ਕੀਤੇ ਜਾਣ ਦੇ ਲੱਗ ਰਹੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 5 ਤੇ 10 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ, ਪਰ ‘ਨੌਜਵਾਨ ਆਗੂ’ ਕਹਿੰਦੇ ਹਨ ਕਿ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਕਰਕੇ ਇਹ ਸਭ ਕੁਝ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਯੂਕਰੇਨ-ਰੂਸ ਸੰਕਟ ਜਿਹੇ ਹੋਰਨਾਂ ਹਾਲਾਤ ਦਾ ਨੋਟਿਸ ਲੈਂਦਿਆਂ ਸਮਝਣਾ ਚਾਹੀਦਾ ਹੈ ਕਿ ਆਲਮੀ ਪੱਧਰ ’ਤੇ ਤੇਲ ਕੀਮਤਾਂ ਇੰਨੀਆਂ ਕਿਉਂ ਵੱਧ ਰਹੀਆਂ ਹਨ। ਪੁਰੀ ਨੇ ਕਿਹਾ, ‘‘ਤੇਲ ਕੀਮਤਾਂ, ਆਲਮੀ ਕੀਮਤਾਂ ਮੁਤਾਬਕ ਮਿੱਥੀਆਂ ਜਾਂਦੀਆਂ ਹਨ। ਵਿਸ਼ਵ ਦੇ ਇਕ ਹਿੱਸੇ ਵਿੱਚ ਜੰਗ ਵਰਗੇ ਹਾਲਾਤ ਹਨ ਤੇ ਤੇਲ ਕੰਪਨੀਆਂ ਇਸ ਕਾਰਕ ’ਤੇ ਵੀ ਗੌਰ ਕਰਨਗੀਆਂ। ਤੇਲ ਕੰਪਨੀਆਂ ਵੱਲੋਂ ਖ਼ੁਦ ਕੀਮਤਾਂ ਨਿਰਧਾਰਿਤ ਕੀਤੀਆਂ ਜਾਣਗੀਆਂ। ਅਸੀਂ ਲੋਕਾਂ ਦੇ ਵਡੇਰੇ ਹਿੱਤ ਵਿੱਚ ਫੈਸਲੇ ਲਵਾਂਗੇ।’’ ਦੱਸ ਦੇਈਏ ਕਿ ਮੰਗਲਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 37 ਰੁਪਏ ਦੇ ਇਜ਼ਾਫੇ ਨਾਲ 9321 ਰੁਪਏ ਪ੍ਰਤੀ ਬੈਰਲ ਹੋ ਗਈਆਂ ਹਨ। -ਪੀਟੀਆਈ