ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਕਫ਼ੀਲ ਖ਼ਾਨ ਦੀ ਹਿਰਾਸਤ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਹੈ। ਖ਼ਾਨ, ਪਿਛਲੇ ਸਾਲ 10 ਦਸੰਬਰ ਨੂੰ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਦਿੱਤੀ ਕਥਿਤ ਭੜਕਾਊ ਤਕਰੀਰ ਕਰਕੇ 29 ਜਨਵਰੀ ਤੋਂ ਜੇਲ੍ਹ ਵਿੱਚ ਬੰਦ ਹੈ। ਯੂਪੀ ਦੇ ਗ੍ਰਹਿ ਵਿਭਾਗ ਨੇ 4 ਅਗਸਤ ਨੂੰ ਜਾਰੀ ਹੁਕਮ ਵਿੱਚ ਕਿਹਾ ਕਿ ਅਲੀਗੜ੍ਹ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ’ਤੇ 13 ਫਰਵਰੀ ਨੂੰ ਖ਼ਾਨ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਆਇਦ ਕੀਤਾ ਗਿਆ ਸੀ। ਮਗਰੋਂ ਇਹ ਕੇਸ ਸਲਾਹਕਾਰ ਕੌਂਸਲ ਕੋਲ ਭੇਜ ਦਿੱਤਾ ਤੇ ਕੌਂਸਲ ਨੇ ਆਪਣੀ ਰਿਪੋਰਟ ਵਿੱਚ ਖ਼ਾਨ ਨੂੰ ਹਾਲ ਦੀ ਘੜੀ ਜੇਲ੍ਹ ਵਿੱਚ ਰੱਖਣ ਲਈ ‘ਵਾਜਬ ਕਾਰਨ’ ਹੋਣ ਦੀ ਗੱਲ ਆਖੀ ਸੀ। ਲਿਹਾਜ਼ਾ 6 ਮਈ ਨੂੰ ਜਾਰੀ ਹੁਕਮਾਂ ਵਿੱਚ ਐੱਨਐੱਸਏ ਤਹਿਤ ਖ਼ਾਨ ਦੀ ਹਿਰਾਸਤ ਤਿੰਨ ਮਹੀਨਿਆਂ ਲਈ ਹੋਰ ਵਧਾਉਣ ਬਾਰੇ ਕਿਹਾ ਗਿਆ ਹੈ। ਸਰਕਾਰੀ ਹੁਕਮਾਂ ਤਹਿਤ ਕਫ਼ੀਲ ਨੂੰ ਹੁਣ 13 ਨਵੰਬਰ 2020 ਤਕ ਜੇਲ੍ਹ ਵਿੱਚ ਰਹਿਣਾ ਹੋਵੇਗਾ। -ਪੀਟੀਆਈ