ਮੁੰਬਈ, 6 ਸਤੰਬਰ
ਇੱਥੇ ਕਿਸੇ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਬਾਂਦਰਾ ਸਥਿਤ ਨਿੱਜੀ ਰਿਹਾਇਸ਼ ‘ਮਾਤੋਸ੍ਰੀ’ ’ਤੇ ਫੋਨ ਕਰ ਕੇ ਕਿਹਾ ਹੈ ਕਿ ਉਹ ਭਗੌੜੇ ਦਾਊਦ ਇਬਰਾਹਿਮ ਵੱਲੋਂ ਗੱਲ ਕਰ ਰਿਹਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਨੇ ਸ਼ਨਿਚਰਵਾਰ ਰਾਤ 10.30 ਵਜੇ ਦੋ ਵਾਰ ਫੋਨ ਕੀਤੇ ਜਿਸ ਤੋਂ ਬਾਅਦ ਪੁਲੀਸ ਨੇ ਕਲਾਨਗਰ ਕਲੋਨੀ ’ਚ ਸਥਿਤ ਸ੍ਰੀ ਠਾਕਰੇ ਦੇ ਬੰਗਲੇ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਨੇ ਸ਼ਨਿਚਰਵਾਰ ਰਾਤ ਦੋ ਵਾਰ ਮਾਤੋਸ੍ਰੀ ਦੇ ਨੰਬਰ ’ਤੇ ਫੋਨ ਕਰ ਕੇ ਕਿਹਾ ਕਿ ਦਾਊਦ ਇਬਰਾਹਿਮ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲ ਕਰਨੀ ਚਾਹੁੰਦਾ ਹੈ, ਹਾਲਾਂਕਿ ਟੈਲੀਫੋਨ ਅਪਰੇਟਰ ਨੇ ਇਹ ਕਾਲ ਮੁੱਖ ਮੰਤਰੀ ਨੂੰ ਅੱਗੇ ਨਹੀਂ (ਟਰਾਂਸਫਰ) ਭੇਜੀ। ਇਸ ਵਿਅਕਤੀ ਨੇ ਆਪਣੀ ਪਛਾਣ ਨਹੀਂ ਦੱਸੀ, ਬਲਕਿ ਸਿਰਫ਼ ਇੰਨਾ ਹੀ ਕਿਹਾ ਕਿ ਉਹ ਦਾਊਦ ਇਬਰਾਹਿਮ ਵੱਲੋਂ ਦੁਬਈ ਤੋਂ ਗੱਲ ਕਰ ਰਿਹਾ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਾਅਦ ’ਚ ਸਥਾਨਕ ਪੁਲੀਸ ਨੂੰ ਇਨ੍ਹਾਂ ਦੋਵਾਂ ਕਾਲਾਂ ਬਾਰੇ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਅਜੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਇੱਕ ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਇਸ ਗੱਲ ਦਾ ਪਤਾ ਲਾਉਣ ’ਚ ਲੱਗੀ ਹੈ ਕਿ ਕੀ ਇਹ ਫੋਨ ਦੁਬਈ ਤੋਂ ਆਏ ਸਨ ਜਾਂ ਕਿਸੇ ਹੋਰ ਥਾਂ ਤੋਂ ? ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਟਰਾਂਸਪੋਰਟ ਮੰਤਰੀ ਅਨਿਲ ਪਰਬ ਨੇ ਇਸ ਵਿਅਕਤੀ ਵੱਲੋਂ ਮੁੱਖ ਮੰਤਰੀ ਰਿਹਾਇਸ਼ ਨੂੰ ਉਡਾਉਣ ਦੀ ਧਮਕੀ ਦੇਣ ਸਬੰਧੀ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ। -ਪੀਟੀਆਈ