ਜੈਪੁਰ, 8 ਦਸੰਬਰ
ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਐਨਐਸਯੂਆਈ ਦੇ ਮੈਂਬਰਾਂ ਅਤੇ ਭਾਜਪਾ ਯੁਵਾ ਮੋਰਚਾ ਦੇ ਕਾਰਕੁਨਾਂ ਵਿਚਾਲੇ ਇਥੇ ਭਾਜਪਾ ਦਫ਼ਤਰ ਅੱਗੇ ਮੰਗਲਵਾਰ ਨੂੰ ਝੜੱਪ ਹੋਈ। ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕਾਂਗਰਸੀ ਵਰਕਰਾਂ ਨੇ ਰੈਲੀ ਕੱਢੀ। ਉਧਰ, ਐਨਐਸਯੂਆਈ ਕਾਰਕੁਨਾਂ ਦਾ ਇਕ ਵਰਗ ਪ੍ਰਦਰਸ਼ਨ ਕਰਨ ਲਈ ਭਾਜਪਾ ਦਫ਼ਤਰ ਅੱਗੇ ਇਕੱਠਾ ਹੋਇਆ, ਜਿਥੇ ਉਨ੍ਹਾਂ ਦੀ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨਾਲ ਝੜੱਪ ਹੋ ਗਈ। ਡੀਸੀਪੀ ਮਨੋਜ ਕੁਮਾਰ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦਫ਼ਤਰ ਵਿੱਚ ਕਥਿਤ ਤੌਰ ’ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲੀਸ ਨੇ ਰੋਕਿਆ। ਪੁਲੀਸ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਹੇਠ ਹੈ।
-ਏਜੰਸੀ