ਕੋਹਿਮਾ, 6 ਅਕਤੂਬਰ
ਕਾਂਗਰਸ ਤੇ ਨਾਗਾ ਪੀਪਲਜ਼ ਫਰੰਟ (ਐੱਨਪੀਐੱਫ) ਨੇ ਕੇਂਦਰ ਵੱਲੋਂ ਨਾਗਾਲੈਂਡ ਦੇ ਕੁਝ ਹਿੱਸਿਆਂ ’ਚ ਅਫ਼ਸਪਾ ਵਧਾਉਣ ਦੀ ਨਿਖੇਧੀ ਕੀਤੀ ਹੈ। ਨਾਗਾਲੈਂਡ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ ਥੇਰੀ ਨੇ ਕਿਹਾ ਕਿ ਨਾਗਾ ਸਿਆਸੀ ਗੁੱਟਾਂ ਨਾਲ ਮੁਕੰਮਲ ਗੋਲੀਬੰਦੀ ਦੀ ਸਹਿਮਤੀ ਬਣੀ ਸੀ ਤੇ ਵਾਰਤਾ ਚੱਲ ਰਹੀ ਸੀ ਤਾਂ ਫਿਰ ਅਫ਼ਸਪਾ ਵਧਾਉਣ ਦੀ ਕੋਈ ਲੋੜ ਨਹੀਂ ਸੀ। ਐੱਨਐੱਸਐੱਫ ਦੇ ਪ੍ਰਧਾਨ ਕੇਗਵੇਅਹੁਨ ਤੇਪ ਅਤੇ ਜਨਰਲ ਸਕੱਤਰ ਸਿਪੂਨੀ ਐਨਗ ਫਿਲੋ ਨੇ ਕਿਹਾ ਕਿ ਅਮਨ ਕਾਨੂੰਨ ਦੇ ਨਾਮ ’ਤੇ ਛੇ ਹੋਰ ਮਹੀਨੇ ਅਫ਼ਸਪਾ ਵਧਾਉਣਾ ਠੀਕ ਨਹੀਂ ਹੈ। ਐੱਨਪੀਐੱਫ ਵਿਧਾਇਕ ਦਲ ਦੇ ਆਗੂ ਕੁਜ਼ੋਲੂਜ਼ੂ ਉਰਫ਼ ਅਜ਼ੋ ਨੇ ਕਿਹਾ ਕਿ ਜਦੋਂ ਘੁਸਪੈਠ ਜਾਂ ਬਦਅਮਨੀ ਵਰਗੇ ਹਾਲਾਤ ਹੋਣ ਤਾਂ ਅਫ਼ਸਪਾ ਲਗਾਉਣ ਦੀ ਲੋੜ ਪੈਂਦੀ ਹੈ ਪਰ ਹੁਣ ਤਾਂ ਨਾਗਾਲੈਂਡ ’ਚ ਹਾਲਾਤ ਸ਼ਾਂਤਮਈ ਹਨ। ਨਾਗਾ ਹੋਹੋ ਸਮੇਤ ਹੋਰ ਜਥੇਬੰਦੀਆਂ ਨੇ ਵੀ ਅਫ਼ਸਪਾ ਵਧਾਉਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। -ਪੀਟੀਆਈ