ਹਿਸਾਰ, 11 ਅਪਰੈਲ
ਹਿਸਾਰ ਦੇ ਇਕ ਪੱਤਰਕਾਰ ਖ਼ਿਲਾਫ਼ ਹਰਿਆਣਾ ਪੁਲੀਸ ਨੇ ਕੇਸ ਦਰਜ ਕੀਤਾ ਹੈ। ਉਸ ’ਤੇ ‘ਸਾਈਬਰ ਅਤਿਵਾਦ’ ਅਤੇ ‘ਜਾਤਾਂ ਵਿਚਾਲੇ ਦੁਸ਼ਮਣੀ ਪੈਦਾ ਕਰਨ’ ਦੇ ਦੋਸ਼ ਲਾਏ ਗਏ ਹਨ।
ਪੁਲੀਸ ਨੇ ਨਿਊਜ਼ ਪੋਰਟਲ ਚਲਾਉਣ ਵਾਲੇ ਰਾਜੇਸ਼ ਕੁੰਡੂ ਵਿਰੁੱਧ ਆਈਪੀਸੀ ਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਕਾਂਗਰਸ ਆਗੂਆਂ ਰਣਦੀਪ ਸਿੰਘ ਸੁਰਜੇਵਾਲਾ, ਕੁਮਾਰੀ ਸ਼ੈਲਜਾ ਤੇ ਦੀਪੇਂਦਰ ਹੁੱਡਾ ਨੇ ਕੇਸ ਦਰਜ ਕਰਨ ਦੀ ਨਿੰਦਾ ਕੀਤੀ ਹੈ। ਆਈਐਨਐਲਡੀ ਦੇ ਅਭੈ ਸਿੰਘ ਚੌਟਾਲਾ ਨੇ ਵੀ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ। ਪੁਲੀਸ ਨੇ ਕਿਹਾ ਹੈ ਕਿ ਕੁੰਡੂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਸੀ ਕਿ ਹਿਸਾਰ ਵਿਚ ਜਾਤ ਅਧਾਰਿਤ ਹਿੰਸਾ ਹੋਵੇਗੀ। ਹਿੰਸਾ ਦਾ ਤਜਰਬਾ ਸੂਬੇ ਵਿਚ ਕਰ ਕੇ ਪੂਰੇ ਦੇਸ਼ ਵਿਚ ਕੀਤਾ ਜਾਵੇਗਾ। ਐਫਆਈਆਰ ਹਿਸਾਰ ਪੁਲੀਸ ਦੇ ਅਧਿਕਾਰੀ ਦੀ ਸ਼ਿਕਾਇਤ ਉਤੇ ਕੀਤੀ ਗਈ ਹੈ। ਕੁੰਡੂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਦੀ ਕਾਫ਼ੀ ਕਵਰੇਜ ਕਰ ਰਹੇ ਹਨ। ਹਰਿਆਣਾ ਦੇ ਪੱਤਰਕਾਰਾਂ ਨੇ ਵੀ ਐਫਆਈਆਰ ਦੀ ਨਿਖੇਧੀ ਕੀਤੀ ਹੈ।
ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੁੰਡੂ ’ਤੇ ਕੇਸ ਤਾਂ ਦਰਜ ਕੀਤਾ ਗਿਆ ਹੈ ਕਿਉਂਕਿ ਉਹ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੀ ਆਵਾਜ਼ ਉਠਾ ਰਿਹਾ ਸੀ। ਚੰਡੀਗੜ੍ਹ ਪ੍ਰੈੱਸ ਕਲੱਬ ਨੇ ਵੀ ਐਫਆਈਆਰ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਹਿਸਾਰ ਦੇ ਪੱਤਰਕਾਰਾਂ ਨੇ ਵੀ ਕੁੰਡੂ ’ਤੇ ਦਰਜ ਐਫਆਈਆਰ ਖ਼ਿਲਾਫ਼ ਬੈਠਕ ਕੀਤੀ ਹੈ। -ਪੀਟੀਆਈ