ਨਵੀਂ ਦਿੱਲੀ, 18 ਅਗਸਤ
ਕਾਂਗਰਸ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਅੱਜ ਇਕ ਪੱਤਰ ਲਿਖ ਕੇ ਫੇਸਬੁੱਕ ਇੰਡੀਆ ਉੱਤੇ ਚੋਣਾਂ ਦੇ ਜਮਹੂਰੀ ਪ੍ਰਬੰਧ ਵਿੱਚ ‘ਦਖ਼ਲ’ ਦੇਣ ਦਾ ਦੋਸ਼ ਲਾਇਆ ਹੈ। ਕਾਂਗਰਸ ਨੇ ਫੇਸਬੁੱਕ ਇੰਡੀਆ ਲੀਡਰਸ਼ਿਪ ਟੀਮ ਦੇ ਵਤੀਰੇ ਅਤੇ ਇਸ ਦੇ ਅਪਰੇਸ਼ਨਾਂ ਦੀ ਨਿਰਧਾਰਿਤ ਸਮੇਂ ਵਿੱਚ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਪੱਤਰ ਵਿੱਚ ਇਹ ਮੰਗ ਵੀ ਰੱਖੀ ਕਿ ਅੰਦਰੂਨੀ ਜਾਂਚ ਮੁਕੰਮਲ ਹੋਣ ਤੇ ਇਸ ਸਬੰਧੀ ਰਿਪੋਰਟ ਸੌਂਪੇ ਜਾਣ ਤਕ ਕੰਪਨੀ, ਫੇਸਬੁੱਕ ਇੰਡੀਆ ਦੇ ਆਪਰੇਸ਼ਨਾਂ ਨੂੰ ਚਲਾਉਣ ਲਈ ਨਵੀਂ ਟੀਮ ਤਾਇਨਾਤ ਕਰਨ ’ਤੇ ਵਿਚਾਰ ਕਰੇ ਤਾਂ ਕਿ ਜਾਂਚ ਦਾ ਅਮਲ ਅਸਰਅੰਦਾਜ਼ ਨਾ ਹੋਵੇ। ਕਾਬਿਲੇਗੌਰ ਹੈ ਕਿ ਵਾਲ ਸਟਰੀਟ ਜਰਨਲ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਫੇਸਬੁੱਕ ਨੇ ਭਾਰਤ ਵਿੱਚ ਆਪਣੇ ਕਾਰੋਬਾਰੀ ਹਿੱਤਾਂ ਦੇ ਮੱਦੇਨਜ਼ਰ, ਸੱਤਾਧਾਰੀ ਭਾਜਪਾ ਆਗੂਆਂ ਵੱਲੋਂ ਕੀਤੀਆਂ ਕਥਿਤ ਨਸਲੀ ਤਕਰੀਰਾਂ ਲਈ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਪੱਤਰ ਦੀ ਕਾਪੀ ਸਾਂਝੀ ਕਰਦਿਆਂ ਕਿਹਾ ਕਿ ਸਾਰੇ ਭਾਰਤੀਆਂ ਨੂੰ ਫੇਸਬੁੱਕ ਨੂੰ ਸਵਾਲ ਪੁੱਛਣ ਦੀ ਲੋੜ ਹੈ। ਰਾਹੁਲ ਨੇ ਟਵੀਟ ਕੀਤਾ, ‘ਅਸੀਂ ਸਖ਼ਤ ਘਾਲਣਾ ਨਾਲ ਪ੍ਰਾਪਤ ਕੀਤੀ ਜਮਹੂਰੀਅਤ ’ਚ ਕਿਸੇ ਤਰ੍ਹਾਂ ਦੇ ਜੋੜ ਤੋੜ ਦੀ ਇਜਾਜ਼ਤ ਨਹੀਂ ਦੇਵਾਂਗੇ। ਡਬਲਿਊਐੱਸਜੇ ਦੇ ਖੁਲਾਸੇ ਮਗਰੋਂ ਸਾਰੇ ਭਾਰਤੀਆਂ ਨੂੰ ਫੇਸਬੁੱਕ ਤੋਂ ਸਵਾਲ ਪੁੱਛਣ ਦੀ ਲੋੜ ਹੈ।’ -ਪੀਟੀਆਈ
ਸਿਆਸੀ ਆਧਾਰ ਗੁਆਉਣ ਵਾਲੀਆਂ ਪਾਰਟੀਆਂ ਪ੍ਰਵਚਨ ਦੇਣ ਲੱਗੀਆਂ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਜਿਹੇ ਲੋਕ, ਜਿਨ੍ਹਾਂ ਦਾ ਸਿਆਸੀ ਆਧਾਰ ‘ਸੁੰਗੜ’ ਚੁੱਕਾ ਹੈ, ਉਹ ਫੇਸਬੁੱਕ ਜਿਹੇ ਪਲੇਟਫਾਰਮਾਂ ’ਤੇ ਪ੍ਰਵਚਨਾਂ ਰਾਹੀਂ ਆਪਣੀ ਪ੍ਰਭੁੱਤਾ ਜਮਾਉਣਾ ਚਾਹੁੰਦੇ ਹਨ। ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਇਹ ਮੰਨਣਾ ਹੈ ਕਿ ਜਿਹੜੀ ਸੰਸਥਾ/ਅਦਾਰਾ ਉਨ੍ਹਾਂ ਮੁਆਫ਼ਕ ਕੰਮ ਨਹੀਂ ਕਰਦਾ, ਉਹ ਭਾਜਪਾ ਤੇ ਆਰਐੱਸਐੱਸ ਦੇ ਦਬਾਅ ਹੇਠ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਿਸੇ ਨੂੰ ਵੀ ਆਪਣੀ ਵਿਚਾਰਧਾਰਾ ਤੋਂ ਬੇਫਿਕਰ ਹੋ ਕੇ ਆਪਣਾ ਨਜ਼ਰੀਆ ਰੱਖਣ ਦੀ ਖੁੱਲ੍ਹ ਹੈ। -ਪੀਟੀਆਈ