ਨਵੀਂ ਦਿੱਲੀ, 17 ਸਤੰਬਰ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 71ਵੇਂ ਜਨਮ ਦਿਨ ਮੌਕੇ ਵਧਾਈ ਦਿੱਤੀ ਹੈ ਅਤੇ ਨਾਲ ਹੀ ਕਿਹਾ ਕਿ ਕਈ ਮੁਹਾਜ਼ਾਂ ’ਤੇ ਉਨ੍ਹਾਂ ਦੇ ‘ਨਾਕਾਮ’ ਹੋਣ ਦੀ ਕੀਮਤ ਪੂਰੇ ਦੇਸ਼ ਨੂੰ ਚੁਕਾਉਣੀ ਪੈ ਰਹੀ ਹੈ, ਜਿਸ ਕਰਕੇ ਇਹ ਦਿਨ ‘ਬੇਰੁਜ਼ਗਾਰੀ ਦਿਵਸ’, ‘ਕਿਸਾਨ ਵਿਰੋਧੀ ਦਿਵਸ’ ਅਤੇ ‘ਮਹਿੰਗਾਈ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ।
ਇਸੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵਿੱਟਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ‘ਜਨਮ ਦਿਨ ਮੁਬਾਰਕ ਮੋਦੀ ਜੀ।’ ਜਦਕਿ ਯੂਥ ਕਾਂਗਰਸ ਅਤੇ ਐੱਨਐੱਸਯੂਆਈ ਨੇ ਕਿਹਾ ਕਿ ਇਸ ਦਿਨ ਨੂੰ ‘ਕੌਮੀ ਬੇਰੁਜ਼ਗਾਰੀ ਦਿਵਸ’ ਕਰਾਰ ਦਿੱਤਾ ਹੈ।
ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀਆਂ ਦੇ ਜਨਮ ਦਿਨ ਵੱਖ-ਵੱਖ ਤਰ੍ਹਾਂ, ਜਿਵੇਂ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ‘ਬਾਲ ਦਿਵਸ’, ਇੰਦਰਾ ਗਾਂਧੀ ਦਾ ‘ਕੌਮੀ ਏਕਤਾ ਦਿਵਸ’, ਰਾਜੀਵ ਗਾਂਧੀ ਦਾ ‘ਸਦਭਾਵਨਾ ਦਿਵਸ’ ਅਤੇ ਅਟਲ ਬਿਹਾਰੀ ਵਾਜਪੇਈ ਦਾ ‘ਗੁੱਡ ਗਵਰਨੈਂਸ ਡੇਅ’ ਆਦਿ, ਵਜੋਂ ਮਨਾਏ ਜਾਂਦੇ ਹਨ। ਪਰ ਮੋਦੀ ਦਾ ਜਨਮ ਦਿਨ ‘ਬੇਰੁਜ਼ਗਾਰੀ ਦਿਵਸ’ਵਜੋਂ ਮਨਾਇਆ ਜਾ ਰਿਹਾ ਹੈ। ਸੁਪ੍ਰਿਆ ਨੇ ਕਿਹਾ ਉਹ ਦੁਆ ਕਰਦੇ ਹਨ ਕਿ ਪ੍ਰਮਾਤਮਾ ਪ੍ਰਧਾਨ ਮੰਤਰੀ ਨੂੰ ਇਹ ਸਮਝਣ ਦੀ ਸਮਰੱਥਾ ਬਖਸ਼ਣ ਕਿ ਉਹ ਦੇਸ਼ ਦੀ ਕਿਸ ਤਰ੍ਹਾਂ ਦੀ ਅਗਵਾਈ ਕਰ ਰਹੇ। ਸ੍ਰੀਨੇਤ ਨੇ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹਾਂ। ਅਸੀਂ ਉਨ੍ਹਾਂ ਦੀ ਲੰਮੀ ਉਮਰ ਦੀ ਪ੍ਰਾਰਥਨਾ ਕਰਦੇ ਹਾਂ ਪਰ ਸਾਡਾ ਮੰਨਣਾ ਹੈ ਕਿ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਇਹ ਦਿਨ ਬੇਰੁਜ਼ਗਾਰੀ ਦਿਵਸ, ਕਿਸਾਨ ਵਿਰੋਧੀ ਦਿਵਸ, ਮਹਿੰਗਾਈ ਦਿਵਸ, ਮਾੜੀ ਆਰਥਿਕਤਾ ਦਿਵਸ, ਪੂੰਜੀਪਤੀ ਮਿੱਤਰ ਦਿਵਸ ਤੋਂ ਇਲਾਵਾ ਈਡੀ, ਆਈਟੀ, ਸੀਬੀਆਈ ਛਾਪਾ ਦਿਵਸ ਅਤੇ ਕਰੋਨਾ ਦੁਰਪ੍ਰਬੰਧ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੇ ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ਦੇਸ਼ ’ਚ ਬਹੁਤ ਵੱਡੀ ਗਿਣਤੀ ’ਚ ਲੋਕ ਬੇਰੁਜ਼ਗਾਰ ਹਨ। -ਪੀਟੀਆਈ
ਯੂਥ ਕਾਂਗਰਸ ਨੇ ਮੋਦੀ ਦਾ ਜਨਮ ਦਿਨ ‘ਕੌਮੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾਇਆ
ਨਵੀਂ ਦਿੱਲੀ: ਯੂਥ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ‘ਕੌਮੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾਉਂਦਿਆਂ ਕਥਿਤ ਦੋਸ਼ ਲਾਇਆ ਕਿ ਮੋਦੀ ਸਰਕਾਰ ‘ਰੁਜ਼ਗਾਰ ਦੇ ਨਾਮ ’ਤੇ ਪਿਛਲੇ ਸੱਤ ਸਾਲਾਂ ਤੋਂ ਝੂਠ ਬੋਲ ਰਹੀ ਹੈ।’ ਯੂਥ ਕਾਂਗਰਸ ਦੇ ‘ਹੱਲਾ ਬੋਲ’ ਪ੍ਰਦਰਸ਼ਨ ਨੂੰ ਇੱਕ ‘ਕ੍ਰਾਂਤੀ’ ਕਰਾਰ ਦਿੰਦਿਆਂ ਕੌਮੀ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨ ਦੌਰਾਨ ’ਚ ਬੇਰੁਜ਼ਗਾਰੀ ’ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਜੀਡੀਪੀ ਵਧਾਉਣ ਦੀ ਬਜਾਏ ਬੇਰੁਜ਼ਗਾਰੀ ਵਧਾਈ ਹੈ। ਦੇਸ਼ ਦੀ ਜੀਡੀਪੀ ਪਤਾਲ ਵਿੱਚ ਚਲੀ ਗਈ ਜਦਕਿ ਮਹਿੰਗਾਈ ਆਸਮਾਨ ਚੜ੍ਹੀ ਹੋਈ ਹੈ। ਮੋਦੀ ਨੂੰ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕਰਨ ਦੀ ਬਜਾਏ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ‘ਚੁਟਕਲੇ’ ਨਹੀਂ ‘ਰੁਜ਼ਗਾਰ’ ਚਾਹੁੰਦੇ ਹਨ।’ -ਪੀਟੀਆਈ