ਨਵੀਂ ਦਿੱਲੀ, 13 ਅਕਤੂਬਰ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲਾ ਵਫ਼ਦ ਅੱਜ ਇੱਥੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਿਆ ਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਫੌਰੀ ਕੇਂਦਰੀ ਵਜ਼ਾਰਤ ’ਚੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ। ਕਾਂਗਰਸੀ ਵਫ਼ਦ ਨੇ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੋ ਮੌਜੂਦਾ ਜੱਜਾਂ ਤੋਂ ਨਿਰਪੱਖ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ। ਸੀਨੀਅਰ ਕਾਂਗਰਸੀ ਆਗੂਆਂ ਦੇ ਵਫ਼ਦ ਨੇ ਰਾਸ਼ਟਰਪਤੀ ਨੂੰ ਲਖੀਮਪੁਰ ਖੀਰੀ ਹਿੰਸਾ ਘਟਨਾ ਨਾਲ ਜੁੜੇ ਤੱਥਾਂ ਅਧਾਰਿਤ ਇਕ ਯਾਦਪੱਤਰ ਵੀ ਦਿੱਤਾ। ਤਿੰਨ ਅਕਤੂਬਰ ਨੂੰ ਹੋਈ ਇਸ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
ਰਾਹੁਲ ਗਾਂਧੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਰਾਸ਼ਟਰਪਤੀ ਤੱਕ ਇਹ ਸੁਨੇਹਾ ਪੁੱਜਦਾ ਕਰ ਦਿੱਤਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਕੇਸ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਇਸ ਕੇਸ ਵਿੱਚ ਉਨ੍ਹਾਂ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੁਲਜ਼ਮ ਵਜੋਂ ਨਾਮਜ਼ਦ ਹੈ। ਗਾਂਧੀ ਨੇ ਮੰਗ ਕੀਤੀ ਕਿ ਨਿਆਂ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਦੇ ਦੋ ਮੌਜੂਦਾ ਜੱਜ ਨੂੰ ਇਸ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਹੱਤਿਆਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਕਾਂਗਰਸ ਆਗੂ ਨੇ ਕਿਹਾ, ‘‘ਜਿੰਨੀ ਦੇਰ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਨਹੀਂ ਹਟਾਇਆ ਜਾਂਦਾ, ਨਿਰਪੱਖ ਜਾਂਚ ਨਹੀਂ ਹੋ ਸਕਦੀ ਤੇ ਨਾ ਹੀ ਨਿਆਂ ਦਿੱਤਾ ਜਾ ਸਕਦਾ ਹੈ। ਇਹ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੀ ਹੀ ਨਹੀਂ ਬਲਕਿ ਸਾਰੇ ਕਿਸਾਨਾਂ ਦੀ ਆਵਾਜ਼ ਹੈ, ਜਿਸ ਨੂੰ ਦਬਾਇਆ ਜਾ ਰਿਹੈ।’’ ਕਾਂਗਰਸੀ ਵਫ਼ਦ ਵਿਚ ਏ.ਕੇ.ਐਂਟਨੀ, ਗ਼ੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ ਤੇ ਪ੍ਰਿਯੰਕਾ ਗਾਂਧੀ ਵਾਡਰਾ ਸ਼ਾਮਲ ਸਨ। ਰਾਸ਼ਟਰਪਤੀ ਵੱਲੋਂ ਕੋਈ ਭਰੋਸਾ ਮਿਲਣ ਬਾਰੇ ਪੁੱਛੇ ਜਾਣ ’ਤੇ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ, ‘‘ਉਨ੍ਹਾਂ (ਰਾਸ਼ਟਰਪਤੀ) ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧ ਵਿੱਚ ਅੱਜ ਹੀ ਸਰਕਾਰ ਨਾਲ ਗੱਲ ਕਰਨਗੇ।’’ -ਪੀਟੀਆਈ