ਗੋਂਦੀਆ (ਮਹਾਰਾਸ਼ਟਰ), 18 ਨਵੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਾਂਗਰਸ ਨੂੰ ਘਾਟੇ ਵਾਲੇ ਪ੍ਰਾਜੈਕਟ ਸ਼ੁਰੂ ਕਰਨ, ਪਿੰਡਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸੱਤਾ ’ਚ ਰਹਿਣ ਦੌਰਾਨ ਦੇਸ਼ ਨੂੰ ਅਸਲ ਵਿਕਾਸ ਤੋਂ ਵਾਂਝੇ ਰੱਖਣ ਦਾ ਦੋਸ਼ ਲਾਇਆ।
ਭਾਜਪਾ ਦੇ ਸੀਨੀਅਰ ਆਗੂ ਨੇ ਕਾਂਗਰਸ ਦੀ ਅਗਵਾਈ ਹੇਠਲੀਆਂ ਸਾਬਕਾ ਸਰਕਾਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਦੇਸ਼ ਨੂੰ ਗਲਤ ਨੀਤੀਆਂ ਤੇ ਭ੍ਰਿਸ਼ਟ ਸਰਕਾਰ ਕਾਰਨ ਨੁਕਸਾਨ ਉਠਾਉਣਾ ਪਿਆ ਹੈ। ਗਡਕਰੀ ਨੇ ਦੇਸ਼ ’ਚ ਸੜਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤ ਦੇ ਇਤਿਹਾਸ ’ਚ ਜੇ ਕੋਈ ਅਜਿਹਾ ਨੇਤਾ ਹੈ ਜਿਸ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਦੇਸ਼ ਦੇ 6.5 ਲੱਖ ਪਿੰਡਾਂ ’ਚੋਂ 3.5 ਲੱਖ ਪਿੰਡਾਂ ’ਚ ਲਿੰਕ ਸੜਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਤਾਂ ਉਹ ਅਟਲ ਬਿਹਾਰੀ ਵਾਜਪਾਈ ਹਨ।’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੀਆਂ ਪਿਛਲੀਆਂ ਸਰਕਾਰਾਂ ਨੇ ਪਿੰਡਾਂ ਨੂੰ ਅਣਗੌਲਿਆਂ ਕੀਤਾ। ਉਨ੍ਹਾਂ ਹੋਟਲ, ਸਟੀਲ ਪਲਾਂਟ, ਬਿਜਲੀ ਪ੍ਰਾਜੈਕਟ ਤੇ ਏਅਰਲਾਈਨਜ਼ ਸ਼ੁਰੂ ਕੀਤੀਆਂ ਪਰ ਸਭ ਘਾਟੇ ’ਚ ਚਲੀਆਂ ਗਈਆਂ ਅਤੇ ਹੁਣ ਉਹ ਨਿਲਾਮ ਹੋਣ ਦੇ ਨੇੜੇ ਹਨ। ਸਾਰਾ ਪੈਸਾ ਡੁੱਬ ਗਿਆ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਇਸ ਪੈਸੇ ਦੀ ਵਰਤੋਂ ਪਿੰਡਾਂ ਦੀਆਂ ਸੜਕਾਂ, ਸਿੰਜਾਈ ਸਹੂਲਤਾਂ, ਸਕੂਲ, ਹਸਪਤਾਲ, ਪਸ਼ੂ ਹਸਪਤਾਲ ਬਣਾਉਣ ਲਈ ਕੀਤੀ ਹੁੰਦੀ ਤਾਂ ਅੱਜ ਸਥਿਤੀ ਹੋਰ ਹੁੰਦੀ। ਉਨ੍ਹਾਂ ਕਿਹਾ ਕਿ ਗਲਤ ਨੀਤੀਆਂ ਤੇ ਭ੍ਰਿਸ਼ਟ ਸਰਕਾਰ ਕਾਰਨ ਸਾਨੂੰ ਨੁਕਸਾਨ ਝੱਲਣਾ ਪਿਆ ਹੈ। -ਪੀਟੀਆਈ