ਨਵੀਂ ਦਿੱਲੀ, 19 ਜਨਵਰੀ
ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਚੱਲ ਰਹੀ ਗੱਲਬਾਤ ਨੂੰ ਲੀਹੋਂ ਲਾਹੁਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ। ਖੇਤੀ ਕਾਨੂੰਨਾਂ ਤੇ ਕੌਮੀ ਸੁਰੱਖਿਆ ਦੇ ਮੁੱਦੇ ’ਤੇ ਵਿਰੋਧੀ ਪਾਰਟੀ ਦੇ ਆਗੂ ਰਾਹੁਲ ਗਾਂਧੀ ਵੱਲੋਂ ਕੀਤੇ ਹੱਲਿਆਂ ਲਈ ਪਲਟਵਾਰ ਕਰਦਿਆਂ ਜਾਵੜੇਕਰ ਨੇ ਕਿਹਾ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਗੱਲਬਾਤ ਸਿਰੇ ਚੜ੍ਹੇ। ਪਾਰਟੀ ਅੜਿੱਕੇ ਡਾਹੁਣ ਲਈ ਹਰ ਜੁਗਤ ਵਰਤ ਰਹੀ ਹੈ। ਜਾਵੜੇਕਰ ਨੇ ਭਰੋਸਾ ਜਤਾਇਆ ਕਿ ਗੱਲਬਾਤ ਸਫ਼ਲ ਰਹੇਗੀ ਤੇ ਤਿੰਨੋਂ ਖੇਤੀ ਕਾਨੂੰਨ ਕਿਸਾਨ ਭਾਈਚਾਰੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ’ਤੇ ਅਧਾਰਿਤ ਹਨ। ਜਾਵੜੇਕਰ ਨੇ ਰਾਹੁਲ ’ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਵੱਲੋਂ ਪੁੱਛੇ ਸਵਾਲਾਂ ਤੋਂ ਭੱਜਣ ਦਾ ਵੀ ਦੋਸ਼ ਲਾਇਆ।
ਰਾਹੁਲ ਵੱਲੋਂ ਅਰਥਚਾਰੇ ’ਚ ਮਹਿਜ਼ ਦੋ ਚਾਰ ਲੋਕਾਂ ਦੀ ਖੁ਼ਦਮੁਖਤਿਆਰੀ ਹੋਣ ਦੇ ਲਾਏ ਦੋਸ਼ਾਂ ਬਾਰੇ ਜਾਵੜੇਕਰ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਇਕ ਪਰਿਵਾਰ ਪੂਰੇ ਦੇਸ਼ ਨੂੰ ਚਲਾਉਂਦਾ ਸੀ, ਪਰ ਮੋਦੀ ਸਰਕਾਰ ਦੇ ਰਾਜ ਵਿੱਚ ਤਾਕਤ ਦੇਸ਼ ਦੇ ਲੋਕਾਂ ਕੋਲ ਹੈ। ਕਾਂਗਰਸ ਵੱਲੋਂ ਜਾਰੀ ਕਿਤਾਬਚੇ ਦੇ ਹਵਾਲੇ ਨਾਲ ਕੇਂਦਰੀ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਸ ਵਿੱਚ ਖ਼ੂਨ ਲਈ ‘ਵਿਸ਼ੇਸ਼ ਪਿਆਰ’ ਹੈ। ਉਨ੍ਹਾਂ ਦੇਸ਼ ਵੰਡ, ਸਿੱਖ ਵਿਰੋਧੀ ਦੰਗਿਆਂ ਤੇ ਭਾਗਲਪੁਰ ਦੰਗਿਆਂ ਦੌਰਾਨ ਹੋਈਆਂ ਹੱਤਿਆਵਾਂ ਦਾ ਹਵਾਲਾ ਦਿੱਤਾ। ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਚ ਪਿੰਡ ਦੀ ਉਸਾਰੀ ਬਾਰੇੇ ਰਾਹੁਲ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਜਾਵੜੇਕਰ ਨੇ ਸਵਾਲ ਕੀਤਾ ਕਿ ਕਿਸ ਦੇ ਰਾਜ ਵਿੱਚ ਅਕਸਾਈ ਚਿਨ ਭਾਰਤ ਦੇ ਹੱਥਾਂ ’ਚੋਂ ਫ਼ਿਸਲ ਗਿਆ ਸੀ? ਚੀਨ ਨੂੰ ਯੂਐੱਨ ਸੁਰੱਖਿਆ ਕੌਂਸਲ ’ਚ ਭਾਰਤ ਦੀ ਸਥਾਈ ਸੀਟ ਕਿਸ ਨੇ ਦਿੱਤੀ?
-ਪੀਟੀਆਈ