ਨਵੀਂ ਦਿੱਲੀ, 5 ਜਨਵਰੀ
ਮਰਹੂਮ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਆਖ਼ਰੀ ਕਿਤਾਬ ’ਚ ਦਰਜ ਕੀਤਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਦਾ ਕਾਰਨ ਪਾਰਟੀ ਵੱਲੋਂ ਆਪਣੀ ਕ੍ਰਿਸ਼ਮਈ ਲੀਡਰਸ਼ਿਪ ਦਾ ਅੰਤ ਹੋਣ ਦੀ ਪਛਾਣ ਨਾ ਕਰ ਸਕਣਾ ਸੀ। ਮੁਖਰਜੀ ਨੇ ‘ਦਿ ਪ੍ਰੈਜ਼ੀਡੈਂਸ਼ੀਅਲ ਯੀਅਰਜ਼, 2012-17’ ਦੇਹਾਂਤ ਤੋਂ ਪਹਿਲਾਂ ਪਿਛਲੇ ਸਾਲ ਲਿਖੀ ਸੀ। ਮੁਖਰਜੀ ਨੇ ਨਾਲ ਹੀ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਲਾਗੂ ਕਰਨ ਤੋਂ ਪਹਿਲਾਂ ਇਸ ਬਾਰੇ ਉਨ੍ਹਾਂ ਨਾਲ ਵਿਚਾਰ-ਚਰਚਾ ਨਹੀਂ ਕੀਤੀ। ਉਨ੍ਹਾਂ ਲਿਖਿਆ ਹੈ ਕਿ 2014 ਦੀਆਂ ਚੋਣਾਂ ਵਿਚ ਇਕ ਪਾਰਟੀ ਨੂੰ ਫ਼ੈਸਲਾਕੁਨ ਬਹੁਮੱਤ ਮਿਲਣ ਨਾਲ ਉਨ੍ਹਾਂ ਰਾਹਤ ਮਹਿਸੂਸ ਤਾਂ ਕੀਤੀ ਪਰ ਕਾਂਗਰਸ ਦੀ ਕਾਰਗੁਜ਼ਾਰੀ ’ਤੇ ਨਿਰਾਸ਼ਾ ਵੀ ਹੋਈ। ਪ੍ਰਣਬ ਨੇ ਲਿਖਿਆ ਕਿ ਕਾਂਗਰਸ ਇਕ ਕੌਮੀ ਸੰਸਥਾ ਹੈ ਜੋ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੁੜੀ ਹੋਈ ਹੈ। ਸੋਚਣ-ਸਮਝਣ ਵਾਲਾ ਹਰੇਕ ਵਿਅਕਤੀ ਕਾਂਗਰਸ ਦੇ ਭਵਿੱਖ ਬਾਰੇ ਸੋਚਦਾ ਹੈ। ਕਾਂਗਰਸ ਆਗੂ ਤੇ ਕੇਂਦਰੀ ਮੰਤਰੀ ਨੇ 2014 ਦੀ ਹਾਰ ਦੇ ਕਈ ਕਾਰਨ ਦੱਸੇ ਹਨ। ਮੁਖਰਜੀ ਨੇ ਪੰਡਿਤ ਨਹਿਰੂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਆਗੂ ਹੁਣ ਨਹੀਂ ਮਿਲਦੇ। ਪ੍ਰਣਬ ਨੇ ਨਾਲ ਹੀ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਰਿਸ਼ਤੇ ਬਹੁਤ ਸੁਖਾਵੇਂ ਰਹੇ। ਹਾਲਾਂਕਿ ਮੁਖਰਜੀ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਲਿਖਿਆ ਹੈ ਕਿ ਐਨਡੀਏ ਸਰਕਾਰ ਆਪਣੇ ਪਹਿਲੇ ਕਾਰਜਕਾਲ ਦੌਰਾਨ ਸੰਸਦ ਦਾ ਨਿਰਵਿਘਨ ਤੇ ਸਹੀ ਕੰਮਕਾਜ ਯਕੀਨੀ ਬਣਾਉਣ ਵਿਚ ਨਾਕਾਮ ਰਹੀ। ਉਨ੍ਹਾਂ ਇਸ ਲਈ ਵਿਰੋਧੀ ਧਿਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਮੁਖਰਜੀ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦ ਵਿਚ ਆਪਣੀ ਮੌਜੂਦਗੀ ਵਧਾਉਣੀ ਚਾਹੀਦੀ ਹੈ, ਵਿਰੋਧੀ ਸੁਰਾਂ ਨੂੰ ਸੁਣਨਾ ਚਾਹੀਦਾ ਹੈ ਤੇ ਸੰਸਦ ਵਿਚ ਸੰਬੋਧਨ ਕਰਦੇ ਰਹਿਣਾ ਚਾਹੀਦਾ ਹੈ।
-ਪੀਟੀਆਈ