ਨਵੀਂ ਦਿੱਲੀ, 28 ਦਸੰਬਰ
ਕਾਂਗਰਸ ਦੇ 137ਵੇਂ ਸਥਾਪਨਾ ਦਿਵਸ ਮੌਕੇ ਅੱਜ ਸਵੇਰੇ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਮੁੱਖ ਦਫਤਰ ਵਿੱਚ ਜਦੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਿਵੇਂ ਹੀ ਪਾਰਟੀ ਦਾ ਝੰਡਾ ਲਹਿਰਾਉਣ ਲੱਗੇ ਤਾਂ ਉਹ ਪੋਲ ਤੋਂ ਡਿੱਗ ਗਿਆ। ਹਾਲਾਂਕਿ ਸ੍ਰੀਮਤੀ ਗਾਂਧੀ, ਪਾਰਟੀ ਦੇ ਖਜ਼ਾਨਚੀ ਪਵਨ ਬਾਂਸਲ ਅਤੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਝੰਡਾ ਆਪਣੇ ਹੱਥਾਂ ਵਿੱਚ ਲੈ ਲਿਆ। ਬਾਅਦ ਵਿੱਚ ਕਾਂਗਰਸੀ ਵਰਕਰ ਝੰਡਾ ਲਗਾਉਣ ਲਈ ਪੋਲ ਉੱਤੇ ਚੜ੍ਹਿਆ ਅਤੇ ਸ੍ਰੀਮਤੀ ਗਾਂਧੀ ਨੇ ਝੰਡਾ ਲਹਿਰਾਇਆ। ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਮਲਿਕਾਰਜੁਨ ਖੜਗੇ ਅਤੇ ਹੋਰ ਪਾਰਟੀ ਹੈੱਡਕੁਆਰਟਰ ‘ਤੇ ਮੌਜੂਦ ਸਨ। ਇਸ ਘਟਨਾ ਤੋਂ ਕਾਂਗਰਸ ਪ੍ਰਧਾਨ ਕਾਫੀ ਪ੍ਰੇਸ਼ਾਨ ਸੀ ਅਤੇ ਦੂਜੀ ਵਾਰ ਝੰਡਾ ਲਹਿਰਾਉਣ ਦੀ ਤਿਆਰੀ ਕਰਨ ਤੋਂ ਪਹਿਲਾਂ ਉਹ ਪਾਰਟੀ ਦੇ ਵਰਕਰ ਨੂੰ ਸਵਾਲ ਕਰਦੇ ਵੀ ਨਜ਼ਰ ਆਏ ਕਿ ਕੀ ਇਸ ਵਾਰ ਝੰਡਾ ਸਹੀ ਢੰਗ ਨਾਲ ਲਗਾਇਆ ਗਿਆ ਹੈ ਜਾਂ ਨਹੀਂ। ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਇਸ ਘਟਨਾ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸਮਾਗਮ ਦੇ ਆਯੋਜਨ ਦੇ ਇੰਚਾਰਜਾਂ ਨੂੰ ਭਵਿੱਖ ਵਿਚ ਹੋਰ ਸਾਵਧਾਨ ਰਹਿਣ ਲਈ ਕਿਹਾ।