ਜਮਕਾਂਦੋਰਨਾ(ਗੁਜਰਾਤ), 11 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲਈ ਭਾੜੇ ’ਤੇ ਬੰਦੇ ਰੱਖੇ ਹੋਏ ਹਨ, ਜੋ ਪੇਂਡੂ ਵੋਟਾਂ ’ਤੇ ਕਬਜ਼ਾ ਕਰਨ ਲਈ ‘ਚੁੱਪ-ਚੁਪੀਤੇ’ ਕੰਮ ਕਰ ਰਹੇ ਹਨ। ਗੁਜਰਾਤ ਦੀਆਂ ਅਗਾਮੀ ਚੋਣਾਂ ਤੋਂ ਪਹਿਲਾਂ ਰਾਜਕੋਟ ਜ਼ਿਲ੍ਹੇ ਦੇ ਜਮਕਾਂਦੋਰਨਾ ਕਸਬੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਭਾਜਪਾ ਵਰਕਰਾਂ ਤੇ ਹਮਾਇਤੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਵਿਰੋਧੀ ਧਿਰ ਕਾਂਗਰਸ ਤੋਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਦੋ ਦਹਾਕੇ ਪਹਿਲਾਂ ਗੁਜਰਾਤ ਕਈ ਰੋਗਾਂ ਤੋਂ ਗ੍ਰਸਤ ਸੀ, ਤੇ ਉਨ੍ਹਾਂ ਦੀ ਸਰਕਾਰ ਨੇ ‘ਸਰਜਰੀ’ ਕਰਕੇ ਪੁਰਾਣੇ ਪ੍ਰਬੰਧ ਨੂੰ ਬਦਲਿਆ।
ਸ੍ਰੀ ਮੋਦੀ ਨੇ ਕਿਹਾ, ‘‘ਪਿਛਲੇ 20 ਸਾਲਾਂ ਵਿੱਚ ਗੁਜਰਾਤ ਦੀ ਖਿਲਾਫ਼ਤ ਕਰਨ ਵਾਲੇ ਲੋਕਾਂ ਨੇ ਸੂਬੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਚੁਣ ਚੁਣ ਕੇ ਮੈਨੂੰ ਗਾਲ੍ਹਾਂ ਕੱਢੀਆਂ। ਮੈਨੂੰ ‘ਮੌਤ ਕਾ ਸੌਦਾਗਰ’ ਤੱਕ ਵੀ ਕਿਹਾ।’’ ਮੋਦੀ ਨੇ ਆਮ ਆਦਮੀ ਪਾਰਟੀ, ਜੋ ਗੁਜਰਾਤ ਦੇ ਚੋਣ ਪਿੜ ਵਿੱਚ ਪਹਿਲੀ ਵਾਰ ਉਤਰੀ ਹੈ, ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਉਹ ਅਚਾਨਕ ਖਾਮੋਸ਼ ਹੋ ਗਏ ਹਨ। ਉਨ੍ਹਾਂ ਨੇ ਹੁੱਲਬੜਬਾਜ਼ੀ, ਰੌਲਾ ਪਾਉਣ ਤੇ ਮੈਨੂੰ ਗਾਲ੍ਹਾਂ ਕੱਢਣ ਲਈ ਭਾੜੇ ’ਤੇ ਬੰਦੇ ਲਿਆਂਦੇ ਹਨ। ਉਹ ਚੁੱਪ ਚੁਪੀਤੇ ਪਿੰਡਾਂ ਵਿੱਚ ਜਾਂਦੇ ਹਨ ਤੇ ਲੋਕਾਂ ਤੋਂ ਵੋਟਾਂ ਮੰਗਦੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਵਿਰੋਧੀ ਪਾਰਟੀ ਦੀ ਇਸ ਖਾਮੋਸ਼ ਰਣਨੀਤੀ ਖਿਲਾਫ਼ ਤੁਹਾਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਇਨ੍ਹਾਂ ਪਿੱਛੇ ਉਨ੍ਹਾਂ ਲੋਕਾਂ ਦਾ ਹੱਥ ਹੈ, ਜੋ ਦਿੱਲੀ ਤੋਂ ਗੁਜਰਾਤ ਖਿਲਾਫ਼ ਸਾਜ਼ਿਸ਼ਾਂ ਘੜਦੇ ਹਨ।’’
ਵਿਰੋਧੀ ਧਿਰ ’ਤੇ ਨਿਸ਼ਾਨਾ ਲਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਜਦੋਂ ਕਦੇ ਭ੍ਰਿਸ਼ਟਾਚਾਰ ਖਿਲਾਫ਼ ਕਦਮ ਪੁੱਟਦੀ ਹੈ ਤਾਂ ‘ਪੂਰਾ ਸਮੂਹ ਸਾਡੇ ਖਿਲਾਫ਼ ਰੌਲਾ ਪਾਉਣ ਲੱਗ ਪੈਂਦਾ ਹੈ’’ ਅਤੇ ਸਰਕਾਰੀ ਸੰਸਥਾਵਾਂ ਨੂੰ ਬਦਨਾਮ ਕਰਨ ਲੱਗਦਾ ਹੈ। ਉਨ੍ਹਾਂ ਕਿਹਾ, ‘‘ਤੁਸੀਂ ਆਪਣੇ ਖਿਲਾਫ਼ ਲੱਗਦੇ ਦੋਸ਼ਾਂ ਦਾ ਸਿੱਧਾ ਜਵਾਬ ਕਿਉਂ ਨਹੀਂ ਦਿੰਦੇ। ਤੁਸੀਂ ਲੋਕਾਂ ਕੋਲੋਂ ਜੋ ਕੁਝ ਲੁੱਟਿਆ ਹੈ, ਉਸ ਦੀ ਭਰਪਾਈ ਕਰਨੀ ਹੋਵੇਗੀ।’’ ਉਨ੍ਹਾਂ ਵਿਰੋਧੀਆਂ ਵੱਲੋਂ ‘ਗੁਜਰਾਤ ਮਾਡਲ’ ਦੀ ਕੀਤੀ ਜਾਂਦੀ ਨੁਕਤਾਚੀਨੀ ਦੇ ਹਵਾਲੇ ਨਾਲ ਕਿਹਾ ਕਿ ਇਕ ਸਮਾਂ ਸੀ ਜਦੋਂ ਗੁਜਰਾਤ ਦੇ ਲੋਕ ਪਾਣੀ ਤੇ ਬਿਜਲੀ ਲਈ ਤਰਸਦੇ ਸਨ। ਕਾਨੂੰਨ ਤੇ ਵਿਵਸਥਾ ਦਾ ਬੁਰਾ ਹਾਲ ਸੀ, ਪਰ ਹੁਣ ਭਾਜਪਾ ਦੇ 20 ਸਾਲਾਂ ਦੇ ਰਾਜ ਵਿੱਚ ਸਭ ਕੁਝ ਬਦਲ ਗਿਆ ਹੈ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਉਜੈਨ ’ਚ ਮਹਾਕਾਲ ਕੌਰੀਡੋਰ ਦਾ ਉਦਘਾਟਨ
ਉਜੈਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਉਜੈਨ ਵਿਚ ‘ਮਹਾਕਾਲ ਲੋਕ’ ਕੌਰੀਡੋਰ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਪ੍ਰਸਿੱਧ ਭਗਵਾਨ ਮਹਾਕਾਲ ਮੰਦਰ ਵਿਚ ਪੂਜਾ ਵੀ ਕੀਤੀ। ਨੌਂ ਸੌ ਮੀਟਰ ਤੋਂ ਵੱਧ ਲੰਮੇ ਇਸ ਕੌਰੀਡੋਰ ਪ੍ਰਾਜੈਕਟ ਉਤੇ 856 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਜਦਕਿ ਪਹਿਲੇ ਗੇੜ ਵਿਚ 351 ਕਰੋੜ ਰੁਪਏ ਖ਼ਰਚੇ ਗਏ ਹਨ। ਇਹ ਕੌਰੀਡੋਰ ਦੇਸ਼ ਵਿਚ ਸਭ ਤੋਂ ਲੰਮਾ ਹੈ ਜੋ ਕਿ ਪੁਰਾਣੀ ਰੁਦਰਸਾਗਰ ਝੀਲ ਵਿਚੋਂ ਲੰਘਦਾ ਹੈ। ਇਸ ਮੁੜ ਉਸਾਰੀ ਪ੍ਰਾਜੈਕਟ ਤਹਿਤ ਝੀਲ ਨੂੰ ਨਵੇਂ ਸਿਰਿਓਂ ਭਰਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਮਲਖੰਬ ਪੇਸ਼ਕਾਰੀ ਵੀ ਦੇਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜੈਨ ਨੇ ਹਜ਼ਾਰਾਂ ਸਾਲਾਂ ਤੋਂ ਖ਼ੁਸ਼ਹਾਲੀ ਤੇ ਗਿਆਨ ਦੇ ਮਾਮਲੇ ਵਿਚ ਭਾਰਤ ਦੀ ਅਗਵਾਈ ਕੀਤੀ ਹੈ। ਮਹਾਕਾਲੇਸ਼ਵਰ ਮੰਦਰ ਵਿਚ ਪੂਜਾ ਤੋਂ ਬਾਅਦ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਜੈਨ ਦੇ ਹਰ ਕਣ ਵਿਚ ਰੂਹਾਨੀਅਤ ਤੇ ਰੱਬੀ ਊਰਜਾ ਹੈ।
‘ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਪ੍ਰੀ-ਕੋਵਿਡ ਪੱਧਰ ’ਤੇ ਪੁੱਜਣਾ ਚੰਗਾ ਸੰਕੇਤ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰੇਲੂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਧ ਕੇ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ’ਤੇ ਪੁੱਜਣ ਨੂੰ ‘ਚੰਗਾ ਸੰਕੇਤ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਦੇਸ਼ ਭਰ ਵਿੱਚ ਕੁਨੈਕਟੀਵਿਟੀ ਨੂੰ ਸੁਧਾਰਨ ਵੱਲ ਹੈ। ਘਰੇਲੂ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਦੀ ਗਿਣਤੀ 9 ਅਕਤੂਬਰ ਨੂੰ 4 ਲੱਖ ਦੇ ਕਰੀਬ ਸੀ, ਜੋ ਹੌਲੀ ਹੌਲੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨੂੰ ਪੁੱਜਣ ਲੱਗੀ ਹੈ। ਦੇਸ਼ ਦਾ ਸ਼ਹਿਰੀ ਹਵਾਬਾਜ਼ੀ ਸੈਕਟਰ ਮੁੜ ਪੈਰਾਂ ਸਿਰ ਹੋੋਣ ਲੱਗਾ ਹੈ। ਸਿਵਲ ਏਵੀਏਸ਼ਨ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ ਕਿ ਭਾਰਤ ਨੇ 4 ਲੱਖ ਘਰੇਲੂ ਹਵਾਈ ਯਾਤਰੀਆਂ ਦੇ ਮੀਲਪੱਥਰ ਨੂੰ ਹਾਸਲ ਕਰ ਲਿਆ ਹੈ।