ਹੁਬਲੀ (ਕਰਨਾਟਕ), 27 ਸਤੰਬਰ
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਭਾਜਪਾ ਨੂੰ ‘ਤਾਲਿਬਾਨੀ’ ਕਹੇ ਜਾਣ ਲਈ ਵਿਰੋਧੀ ਧਿਰ ਦੇ ਆਗੂ ਸਿਧਰਮੱਈਆ ’ਤੇ ਪਲਟਵਾਰ ਕਰਦਿਆਂ ਅੱਜ ਕਿਹਾ ਕਿ ਕਾਂਗਰਸ ਇੱਕ ‘ਗ਼ੁਲਾਮਗਿਰੀ’ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ‘ਪ੍ਰੇਸ਼ਾਨ’ ਹਨ ਅਤੇ ਉਨ੍ਹਾਂ ਦਾ ਬਿਆਨ ਅਹੁਦੇ ਦੀ ਮਰਿਆਦਾ ਦੇ ਉਲਟ ਸੀ। ਬੋਮਈ ਨੇ ਸਿਧਰਮੱਈਆ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ, ‘‘ਕਾਂਗਰਸ ਇੱਕ ‘ਗ਼ੁਲਾਮਗਿਰੀ’ ਵਾਲੀ ਪਾਰਟੀ ਹੈ, ਇਸ ਲਈ ਉਹ ਦੇਸ਼ਭਗਤੀ ਨੂੰ ਵੀ ਵੱਖਰੇ ਢੰਗ ਨਾਲ ਵੇਖਦੀ ਹੈ। ਸਾਡੀ ਦੇਸ਼ਭਗਤੀ ਵਾਲੀ ਪਾਰਟੀ ਹੈ, ਉਹ ਗ਼ੁਲਾਮਗਿਰੀ ਵਾਲੀ ਪਾਰਟੀ ਹੈ।’’ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਬੋਮਈ ਨੇ ਕਿਹਾ ਕਿ ਭਾਰਤ ਆਲਮੀ ਪੱਧਰ ’ਤੇ ਮੁਕਾਬਲਿਆਂ ਦੇ ਮੌਕਿਆਂ ਤੋਂ ਇਸ ਲਈ ਪੱਛੜ ਗਿਆ ਕਿਉਂਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਮੈਕਾਲੇ ਦੀ ਸਿੱਖਿਆ ਨੀਤੀ ਲਾਗੂ ਕੀਤੀ। ਉਨ੍ਹਾਂ ਕਿਹਾ, ‘‘ਹੁਣ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਨੇ ਸਿੱਖਿਆ ਪ੍ਰਣਾਲੀ ਵਿੱਚ ਇਨਕਲਾਬੀ ਸੁਧਾਰ ਲਿਆਉਣ ਲਈ ਨਵੀਂ ਸਿੱਖਿਆ ਨੀਤੀ ਲਿਆਂਦੀ ਹੈ, ਜੋ ਸਾਡੇ, ਖ਼ਾਸ ਕਰ ਦਿਹਾਤੀ ਖੇਤਰਾਂ ਦੇ ਬੱਚਿਆਂ ਨੂੰ 21ਵੀਂ ਸਦੀ ਦੇ ਗਿਆਨ ਦੇ ਯੁੱਗ ਵਿੱਚ ਲਿਜਾ ਸਕਦੀ ਹੈ, ਪਰ ਉਹ (ਕਾਂਗਰਸ) ਇਸ ਵਿੱਚ ਵੀ ਨੁਕਸ ਲੱਭਦੀ ਰਹਿੰਦੀ ਹੈ।’’ ਸਿਧਰਮੱਈਆ ਨੇ ਬੀਤੇ ਦਿਨੀਂ ਦੋਸ਼ ਲਾਇਆ ਸੀ ਕਿ ਭਾਜਪਾਈ ‘ਤਾਲਿਬਾਨੀ’ ਹਨ ਅਤੇ ਦਾਅਵਾ ਕੀਤਾ ਸੀ ਕਿ ਕਰਨਾਟਕ ਵਿੱਚ ਅਸਲ ਵਿੱਚ ਆਰਐੱਸਐੱਸ ਹੀ ਸ਼ਾਸਨ ਚਲਾ ਰਹੀ ਹੈ। ਬੰਗਲੌਰ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਆਰਐੱਸਐੱਸ ਅਤੇ ਭਾਜਪਾ (ਅਡੋਲਫ) ਹਿਟਲਰ ਦੇ ਵੰਸ਼ ਵਿੱਚੋਂ ਹਨ। ਭਾਜਪਾਈ ਤਾਲਿਬਾਨੀ ਹਨ। ਉਨ੍ਹਾਂ ਤੋਂ ਸੁਚੇਤ ਰਹੋ।’’ -ਪੀਟੀਆਈ