ਨਵੀਂ ਦਿੱਲੀ, 4 ਜੂਨ
ਪੰਜਾਬ ਦੀ ਸੱਤਾਧਾਰੀ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਨੂੰ ਅਜੀਬੋ-ਗ਼ਰੀਬ ਰਾਜਨੀਤੀ ਕਰਾਰ ਦਿੰਦਿਆਂ ਭਾਜਪਾ ਨੇ ਅੱਜ ਦੋਸ਼ ਲਗਾਇਆ ਜਦੋਂ ਪੂਰਾ ਰਾਜ ਕਰੋਨਾ ਤੋਂ ਪ੍ਰਭਾਵਿਤ ਹੈ ਅਤੇ ਕਾਂਗਰਸ ਆਪਣੀ ਅੰਦਰੂਨੀ ਲੜਾਈ ਕਾਰਨ ਲੋਕਾਂ ਦੀ ਅਣਦੇਖੀ ਕਰਦੇ ‘ਪਾਪ’ ਕਰ ਰਹੀ ਹੈ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਪ੍ਰਕਾਸ਼ ਜਾਵੜੇਕਰ ਨੇ ਕਿਹਾ, “ਪੰਜਾਬ ਵਿੱਚ ਕਿਹੋ ਜਿਹੀ ਅਜੀਬ ਰਾਜਨੀਤੀ ਚੱਲ ਰਹੀ ਹੈ। ਸਾਰਾ ਪੰਜਾਬ ਕਰੋਨਾ ਤੋਂ ਪ੍ਰਭਾਵਿਤ ਹੈ, ਟੀਕਿਆਂ ਦਾ ਸਹੀ ਪ੍ਰਬੰਧ ਨਹੀਂ ਹੈ ਤੇ ਕਾਂਗਰਸ ਸਰਕਾਰ ਆਪਸੀ ਲੜਾਈ ਵਿੱਚ ਉਲਝੀ ਹੋਈ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਤੋਂ ਚੱਲ ਰਹੀ ਲੜਾਈ ਦਿੱਲੀ ਪੁੱਜ ਗਈ ਹੈ ਤੇ ਬੀਤੇ ਤਿੰਨ-ਚਾਰ ਦਿਨਾਂ ਤੋਂ ਰਾਜ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਰਾਜ ਦੇ ਲੋਕਾਂ ਨੂੰ ਰੱਬ ਭਰੋੋਸੇ ਛੱਡ ਕੇ ਕੌਮੀ ਰਾਜਧਾਨੀ ਵਿੱਚ ਬੈਠੀ ਹੈ।