ਨਵੀਂ ਦਿੱਲੀ, 11 ਮਈ
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਅੱਜ ਕਾਂਗਰਸ ’ਤੇ ਕੋਵਿਡ-19 ਖ਼ਿਲਾਫ਼ ਦੇਸ਼ ’ਚ ਚੱਲ ਰਹੀ ਲੜਾਈ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ ਤੇ ਡਰ ਦਾ ਝੂਠਾ ਮਾਹੌਲ ਪੈਦਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸੰਕਟ ਦੇ ਇਸ ਦੌਰ ’ਚ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਹੋਰ ਆਗੂਆਂ ਦੇ ਇਸ ਹੋਛੇਪਣ ਨੂੰ ਯਾਦ ਰੱਖਿਆ ਜਾਵੇਗਾ। ਨੱਡਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਚਾਰ ਸਫ਼ਿਆਂ ਦੇ ਪੱਤਰ ’ਚ ਇਹ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ’ਚ ਕੋਵਿਡ-19 ਪ੍ਰਬੰਧਨ ਲਈ ਪ੍ਰਧਾਨ ਮੰਤਰੀ ਦੀ ਸਖਤ ਆਲੋਚਨਾ ਕੀਤੀ ਗਈ ਸੀ। ਭਾਜਪਾ ਪ੍ਰਧਾਨ ਨੇ ਕਾਂਗਰਸੀ ਮੁੱਖ ਮੰਤਰੀਆਂ ਸਮੇਤ ਪਾਰਟੀ ਦੇ ਹੋਰਨਾਂ ਆਗੂਆਂ ’ਤੇ ਟੀਕਿਆਂ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਪੈਦਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਸਥਿਤੀ ਅਜਿਹੇ ਸਮੇਂ ਪੈਦਾ ਕੀਤੀ ਗਈ ਹੈ ਜਦੋਂ ਦੇਸ਼ ਸੰਕਟ ਨਾਲ ਜੂਝ ਰਿਹਾ ਹੈ ਅਤੇ ਉਹ ਵੀ ਸਦੀਆਂ ’ਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਨਾਲ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਵਿਗਿਆਨ ’ਚ ਅਟੁੱਟ ਵਿਸ਼ਵਾਸ, ਨਵੀਆਂ ਖੋਜਾਂ ਦੀ ਹਮਾਇਤ ਤੇ ਸਹਿਕਾਰੀ ਫੈਡਰਲ ਢਾਂਚੇ ਨਾਲ ਆਲਮੀ ਮਹਾਮਾਰੀ ਨਾਲ ਨਜਿੱਠਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਦੇ ਸਮੇਂ ਉਹ ਕਾਂਗਰਸ ਦੇ ਰਵੱਈਏ ਤੋਂ ਦੁਖੀ ਹਨ ਪਰ ਹੈਰਾਨ ਨਹੀਂ। ਉਨ੍ਹਾਂ ਕਰੋਨਾ ਦੇ ਕੇਸ ਵਧਣ ਦੇ ਬਾਵਜੂਦ ਵੱਡੀਆਂ-ਵੱਡੀਆਂ ਚੋਣ ਰੈਲੀਆਂ ਲਈ ਅਤੇ ਸੈਂਟਰਲ ਵਿਸਟਾ ਪ੍ਰਾਜੈਕਟ ਦੇ ਚੱਲ ਰਹੇ ਨਿਰਮਾਣ ਕਾਰਜ ਲਈ ਭਾਜਪਾ ਦੀ ਹੋ ਰਹੀ ਆਲੋਚਨਾ ਦੇ ਮੱਦੇਨਜ਼ਰ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਪਹਿਲਾਂ ਲੌਕਡਾਊਨ ਦਾ ਵਿਰੋਧ ਕਰਕੇ ਅਤੇ ਫਿਰ ਇਸ ਦੀ ਮੰਗ ਕਰਕੇ ਕਾਂਗਰਸ ਆਪਣਾ ਭਲਾ ਨਹੀਂ ਕਰ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਦੂਜੀ ਲਹਿਰ ਨਾਲ ਸਬੰਧਤ ਕੇਂਦਰ ਦੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਕੇਰਲਾ ’ਚ ਕਾਂਗਰਸ ਆਗੂਆਂ ਨੇ ਵੱਡੀਆਂ-ਵੱਡੀਆਂ ਚੋਣ ਰੈਲੀਆਂ ਕੀਤੀਆਂ ਜਿਸ ਕਾਰਨ ਉੱਥੇ ਕਰੋਨਾ ਦੇ ਮਾਮਲੇ ਵਧੇ ਅਤੇ ਉਹ ਹੋਰਨਾਂ ਥਾਵਾਂ ’ਤੇ ਹੋਈਆਂ ਰੈਲੀਆਂ ਬਾਰੇ ਭਾਸ਼ਣ ਦੇ ਰਹੀ ਹੈ। ਉਨ੍ਹਾਂ ਕਿਹਾ, ‘ਜਦੋਂ ਦੂਜੀ ਲਹਿਰ ਵੱਧ ਰਹੀ ਸੀ ਤਾਂ ਤੁਹਾਡੀ ਪਾਰਟੀ ਦੇ ਆਗੂ ਉੱਤਰੀ ਭਾਰਤ ’ਚ ਸੁਪਰ ਸਪਰੈਡਰ ਬਣ ਕੇ ਖੁਸ਼ ਹੁੰਦੇ ਦਿਖਾਈ ਦੇ ਰਹੇ ਸੀ। ਮਾਸਕ ਤੇ ਸਮਾਜਿਕ ਦੂਰੀ ਲਈ ਉਨ੍ਹਾਂ ਦੇ ਦਿਲ ’ਚ ਕੋਈ ਸਨਮਾਨ ਨਹੀਂ ਸੀ। ਅੱਜ ਉਹ ਯੁਗ ਨਹੀਂ ਜਦੋਂ ਅਜਿਹੀਆਂ ਚੀਜ਼ਾਂ ਲੋਕਾਂ ਦੇ ਦਿਲੋ-ਦਿਮਾਗ ’ਚੋਂ ਮਿਟ ਜਾਣ।’ -ਪੀਟੀਆਈ