ਕਲਬੁਰਗੀ, 12 ਅਕਤੂਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਧਿਐਨ ਕਰ ਰਹੀ ਹੈ ਅਤੇ ਉਨ੍ਹਾਂ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਬੂਥਵਾਰ ਰਿਪੋਰਟ ਮੰਗੀ ਹੈ। ਉਨ੍ਹਾਂ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਕਿ ਹਰਿਆਣਾ ’ਚ ਹਾਰ ਦਾ ਅਸਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਤੇ ਪਵੇਗਾ। ਖੜਗੇ ਨੇ ਕਿਹਾ ਕਿ ਹਰਿਆਣਾ ’ਚ ਹਾਰ ਦੇ ਕਾਰਨਾਂ ਲਈ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸ ਮਗਰੋਂ ਕੋਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਨੂੰ ਧਿਆਨ ’ਚ ਰਖਦਿਆਂ ਹਰਿਆਣਾ ’ਚ ਹਾਰ ਦੇ ਕਾਰਨਾਂ ’ਤੇ ਵਿਚਾਰਾਂ ਜਾਰੀ ਹਨ ਤਾਂ ਜੋ ਹੋਰ ਸੂਬਿਆਂ ’ਚ ਇਹ ਨਤੀਜੇ ਦੁਹਰਾਏ ਨਾ ਜਾ ਸਕਣ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਰੇ ਚੈਨਲ, ਅਖ਼ਬਾਰ, ਆਗੂ ਅਤੇ ਪੂਰਾ ਮੁਲਕ ਪਾਰਟੀ ਦੀ ਜਿੱਤ ਦੇ ਕਿਆਸ ਲਾ ਰਿਹਾ ਸੀ ਪਰ ਇਸ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਚੋਣ ਪ੍ਰਕਿਰਿਆ ਬਾਰੇ ਕਿਸੇ ਤਰ੍ਹਾਂ ਦੇ ਸ਼ੰਕੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਖੜਗੇ ਨੇ ਕਿਹਾ ਕਿ ਉਹ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ ਅਤੇ ਬੂਥਵਾਰ ਰਿਪੋਰਟ ਦਾ ਅਧਿਐਨ ਕਰਨ ਮਗਰੋਂ ਉਹ ਜਵਾਬ ਦੇਣਗੇ। -ਪੀਟੀਆਈ