ਨਵੀਂ ਦਿੱਲੀ, 3 ਅਕਤੂਬਰ
ਕਾਂਗਰਸ ਨੇ ਪਾਰਟੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅੱਜ ਚੋਣ ਅਮਲ ਨਾਲ ਜੁੜੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਪਾਰਟੀ ਅਹੁਦੇਦਾਰਾਂ ਨੂੰ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਤੋਂ ਵਰਜ ਦਿੱਤਾ ਹੈ। ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ (ਸੀਈਏ) ਨੇ ਉਮੀਦਵਾਰਾਂ ਨੂੰ ਇਕ ਦੂਜੇ ਖਿਲਾਫ਼ ਕੂੜ ਪ੍ਰਚਾਰ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਅਵੱਗਿਆ ਦੀ ਸੂਰਤ ’ਚ ਉਮੀਦਵਾਰ ਨੂੰ ਅਯੋਗ ਕਰਾਰ ਦੇਣ ਤੇ ਅਨੁਸ਼ਾਸਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਸੀਈਏ ਵੱਲੋਂ ਜਾਰੀ ਸੇਧਾਂ ਮੁਤਾਬਕ ਕਿਸੇ ਵੀ ਉਮੀਦਵਾਰ ਦੀ ਹਮਾਇਤ ਕਰਨ ਤੋਂ ਪਹਿਲਾਂ ਅਹੁਦੇਦਾਰ ਨੂੰ ਜਥੇਬੰਦਕ ਅਹੁਦੇ ਤੋਂ ਅਸਤੀਫ਼ਾ ਦੇਣਾ ਹੋਵੇਗਾ। ਪਾਰਟੀ ਨੇ ਕਿਹਾ ਕਿ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਆਪਣੀ ਨਿੱਜੀ ਸਮਰੱਥਾ ਤਹਿਤ ਕਾਂਗਰਸ ਪ੍ਰਧਾਨ ਦੀ ਚੋਣ ਲੜ ਰਹੇ ਹਨ ਅਤੇ ‘ਡੈਲੀਗੇਟ ਆਪਣੀ ਮਰਜ਼ੀ ਮੁਤਾਬਕ ਬੈਲੇਟ ਪੇਪਰ ਜ਼ਰੀਏ ਇਨ੍ਹਾਂ ਵਿਚੋਂ ਕਿਸੇ ਵੀ ਇਕ ਉਮੀਦਵਾਰ ਨੂੰ ਚੁਣਨ ਲਈ ਸੁਤੰਤਰ ਹਨ।’ ਦਿਸ਼ਾ ਨਿਰਦੇਸ਼ਾਂ ਮੁਤਾਬਕ ਏਆਈਸੀਸੀ ਦੇ ਜਨਰਲ ਸਕੱਤਰ/ਇੰਚਾਰਜ, ਸਕੱਤਰ, ਜੁਆਇੰਟ ਸਕੱਤਰ, ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਪ੍ਰਧਾਨ, ਕਾਂਗਰਸ ਵਿਧਾਇਕ ਪਾਰਟੀ (ਸੀਐੱਲਪੀ) ਆਗੂਆਂ, ਮੋਹਰੀ ਜਥੇਬੰਦੀਆਂ ਦੇ ਆਗੂ, ਵਿਭਾਗਾਂ ਤੇ ਸੈੱਲਾਂ ਦੇ ਮੁਖੀ ਅਤੇ ਸਾਰੇ ਅਧਿਕਾਰਤ ਤਰਜਮਾਨ ‘ਕਿਸੇ ਵੀ ਉਮੀਦਵਾਰ ਲਈ ਜਾਂ ਉਸ ਖਿਲਾਫ਼ ਚੋਣ ਪ੍ਰਚਾਰ ਨਹੀਂ ਕਰਨਗੇ।’ ਸੇਧਾਂ ਵਿੱਚ ਕਿਹਾ ਗਿਆ, ‘‘ਜੇਕਰ ਉਹ ਕਿਸੇ ਉਮੀਦਵਾਰ ਦੀ ਪਿੱਠ ’ਤੇ ਆਉਣਾ ਚਾਹੁੰਦੇ ਹਨ ਤਾਂ ਪਹਿਲਾਂ ਜਥੇਬੰਦਕ ਅਹੁਦੇ ਤੋਂ ਅਸਤੀਫ਼ਾ ਦੇਣ, ਤੇ ਮਗਰੋਂ ਚੋਣ ਅਮਲ ਵਿੱਚ ਸ਼ਾਮਲ ਹੋਣ।’’ ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ 17 ਅਕਤੂਬਰ ਨੂੰ ਪੈਣਗੀਆਂ ਜਦੋਂਕਿ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ ਤੇ ਨਤੀਜੇ ਦਾ ਐਲਾਨ ਵੀ ਉਸੇ ਦਿਨ ਹੋਵੇਗਾ। ਚੋਣ ਵਾਲੇ ਦਿਨ 9000 ਤੋਂ ਵੱਧ ਪ੍ਰਦੇਸ਼ ਕਾਂਗਰਸ ਕਮੇਟੀ ਡੈਲੀਗੇਟ ਵੋਟਾਂ ਪਾਉਣਗੇ। ਕਾਂਗਰਸ ਨੇ ਸਾਰੇ ਪੀਸੀਸੀ ਪ੍ਰਧਾਨਾਂ ਨੂੰ ਕਿਹਾ ਕਿ ਉਹ ਉਮੀਦਵਾਰਾਂ ਦੀ ਉਨ੍ਹਾਂ ਦੇ ਰਾਜਾਂ ਵਿੱਚ ਫੇਰੀ ਦੌਰਾਨ ਸ਼ਿਸ਼ਟਾਚਾਰ ਵਜੋਂ ਹਰ ਸੰਭਵ ਸਹਿਯੋਗ ਦੇਣ। ਪਾਰਟੀ ਨੇ ਕਿਹਾ ਕਿ ਉਮੀਦਵਾਰ ਜੇਕਰ ਪੀਸੀਸੀ ਡੈਲੀਗੇਟਾਂ ਨੂੰ ਸੰਬੋਧਨ ਕਰਨ ਦਾ ਇੱਛੁਕ ਹੈ ਤਾਂ ਅਜਿਹੀ ਮੀਟਿੰਗ ਲਈ ਪੀਸੀਸੀ ਪ੍ਰਧਾਨ ਉਨ੍ਹਾਂ ਨੂੰ ਮੀਟਿੰਗ ਹਾਲ, ਕੁਰਸੀਆਂ ਤੇ ਸਪੀਕਰ-ਮਾਈਕ ਆਦਿ ਦਾ ਪ੍ਰਬੰਧ ਕਰਕੇ ਦੇਣਗੇ। ਪਾਰਟੀ ਨੇ ਚੇਤਾਵਨੀ ਦਿੱਤੀ ਕਿ ‘ਪੀਸੀਸੀ ਪ੍ਰਧਾਨ ਆਪਣੀ ਨਿੱਜੀ ਸਮਰੱਥਾ ਵਿੱਚ ਅਜਿਹੀ ਕੋਈ ਵੀ ਮੀਟਿੰਗ ਨਹੀਂ ਸੱਦਣਗੇ।’’ ਮੀਟਿੰਗ ਵਿਉਂਤਣ ਦੀ ਜ਼ਿੰਮੇਵਾਰੀ ਸਬੰਧਤ ਉਮੀਦਵਾਰ ਦੇ ਤਜਵੀਜ਼ਕਾਰ ਜਾਂ ਹਮਾਇਤੀਆਂ ਦੀ ਹੋਵੇਗੀ। ਚੋਣ ਦੌਰਾਨ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਲਿਆਉਣ ਲਈ ਵਾਹਨ ਦੀ ਵਰਤੋਂ ਨਹੀਂ ਕਰੇਗਾ ਅਤੇ ‘ਪੈਂਫਲੈੱਟ’ ਜਾਂ ਪ੍ਰਕਾਸ਼ਨ ਦੇ ਕਿਸੇ ਹੋਰ ਮਾਧਿਅਮ ਰਾਹੀਂ ਦੂਜੇ ਉਮੀਦਵਾਰ ਖਿਲਾਫ਼ ਕੂੜ-ਪ੍ਰਚਾਰ ਨਹੀਂ ਕਰੇਗਾ। ਪਾਰਟੀ ਨੇ ਚੇਤਾਵਨੀ ਦਿੱਤੀ ਕਿ ਨੇਮਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਦੀ ਚੋਣ ਲਈ ਉਮੀਦਵਾਰੀ ਅਵੈਧ ਮੰਨੀ ਜਾਵੇਗੀ ਤੇ ਉਸ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਲੋਕ ਸਭਾ ਮੈਂਬਰ ਤੇ ਪਾਰਟੀ ਪ੍ਰਧਾਨ ਦੀ ਚੋਣ ਵਿੱਚ ਉਮੀਦਵਾਰ ਸ਼ਸ਼ੀ ਥਰੂਰ ਨੇ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਸਵਾਗਤ ਕੀਤਾ ਹੈ। ਇਕ ਵੱਖਰੇ ਟਵੀਟ ਵਿੱਚ ਥਰੂਰ ਨੇ ਕਿਹਾ ਕਿ ਉਨ੍ਹਾਂ ਪ੍ਰੋਫੈਸ਼ਨਲਜ਼ ਕਾਂਗਰਸ ਦੇ ਮੁਖੀ ਵਜੋਂ ਅਸਤੀਫ਼ਾ ਦੇੇ ਦਿੱਤਾ ਹੈ। -ਪੀਟੀਆਈ
ਕਾਂਗਰਸੀ ਇਕ ਦੂਜੇ ਦੀ ਥਾਂ ਭਾਜਪਾ ਨਾਲ ਮੱਥਾ ਲਾਉਣ ਦੇ ਇੱਛੁਕ: ਥਰੂਰ
ਨਵੀਂ ਦਿੱਲੀ: ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਕਾਂਗਰਸੀ ਇਕ ਦੂਜੇ ਦੀ ਥਾਂ ਭਾਜਪਾ ਨਾਲ ਮੱਥਾ ਲਾਉਣ ਦੇ ਇੱਛੁਕ ਹਨ। ਆਪਣੇ ਸਾਥੀ ਮਲਿਕਾਰਜੁਨ ਖੜਗੇ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦਰਮਿਆਨ ਕੋਈ ਵਿਚਾਰਧਾਰਕ ਵਖਰੇਵਾਂ ਨਹੀਂ ਹੈ। ਥਰੂਰ ਨੇ ਟਵੀਟ ਕੀਤਾ, ‘‘ਸਾਡੇ ਵੋਟਿੰਗ ਕੁਲੀਗਾਂ ਦੀ 17 ਅਕਤੂਬਰ ਨੂੰ ਇਹੀ ਕੋਸ਼ਿਸ਼ ਰਹੇਗੀ ਕਿ ਇਸ ਕੰਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਸਿਰੇ ਚਾੜ੍ਹਨਾ ਹੈ।’’ -ਪੀਟੀਆਈ