ਬੋਰਦੁਵਾ, 25 ਫਰਵਰੀ
ਕਾਂਗਰਸ ’ਤੇ ਵਰ੍ਹਦਿਆਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਸ ਨੇ ਸੱਤਾ ਲਈ ਅਸਾਮ ’ਚ ਬਦਰੂਦੀਨ ਅਜਮਲ ਦੀ ਏਆਈਯੂਡੀਐੱਫ ਵਰਗੀਆਂ ਤਾਕਤਾਂ ਨਾਲ ਗੱਠਜੋੜ ਕਰ ਲਿਆ ਹੈ। ਨਗਾਓਂ ਜ਼ਿਲ੍ਹੇ ’ਚ 15-16ਵੀਂ ਸਦੀ ਦੇ ਸੰਤ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਸ੍ਰੀਮੰਤ ਸ਼ੰਕਰਦੇਵ ਦੇ ਜਨਮ ਅਸਥਾਨ ਬੋਰਦੁਵਾ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਸੂਬੇ ’ਚ ਕਾਂਗਰਸ ਵੱਲੋਂ ਸੱਤਾ ਹਾਸਲ ਕਰਨ ਦਾ ਲਾਲਚ ਪੂਰਾ ਨਹੀਂ ਹੋਵੇਗਾ ਅਤੇ ਭਾਜਪਾ ਆਪਣੇ ਭਾਈਵਾਲ ਅਸਮ ਗਣ ਪਰਿਸ਼ਦ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਦੋ-ਤਿਹਾਈ ਬਹੁਮੱਤ ਨਾਲ ਜਿੱਤੇਗੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਸੁਰੱਖਿਆ ਮੁਹੱਈਆ ਕਰਾਉਣ ਦੀ ਗੱਲ ਕਰਦੀ ਹੈ ਪਰ ਉਸ ਨੇ ਅਜਮਲ ਨਾਲ ਹੱਥ ਮਿਲਾਏ ਹੋਏ ਹਨ। ‘ਸੱਤਾ ਦੀ ਭੁੱਖ ਕਾਰਨ ਹੀ ਉਸ ਨੇ ਅਜਮਲ ਦੀ ਪਾਰਟੀ ਨਾਲ ਗੱਠਜੋੜ ਕੀਤਾ ਹੈ।’ ਅਸਾਮ ਤੋਂ ਰਾਜ ਸਭਾ ਮੈਂਬਰ ਮਨਮੋਹਨ ਸਿੰਘ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਸਾਮ ਨੂੰ ਹਿੰਸਾ ਅਤੇ ਘੁਸਪੈਠ ਤੋਂ ਮੁਕਤ ਬਣਾਉਣ ਲਈ ਕੁਝ ਵੀ ਨਹੀਂ ਕੀਤਾ ਜਦਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਸੂਬੇ ਤੋਂ ਹੀ ਚੁਣਿਆ ਗਿਆ ਸੀ। ਜ਼ਿਕਰਯੋਗ ਹੈ ਕਿ ਲੋਕ ਸਭਾ ਮੈਂਬਰ ਅਜਮਲ ਦੇ ਆਲ ਇੰਡੀਆ ਯੂਨਾਈਟਿਡ ਡੈਮੋਕਰੈਟਿਕ ਫਰੰਟ ਦਾ ਬੰਗਾਲੀ ਬੋਲਣ ਵਾਲੇ ਅਸਾਮ ਦੇ ਮੁਸਲਮਾਨਾਂ ’ਚ ਬਹੁਤਾ ਅਸਰ ਹੈ। ਮੋਦੀ ਸਰਕਾਰ ਵੱਲੋਂ ਅਸਾਮ ਲਈ ਸ਼ੁਰੂ ਕੀਤੀਆਂ ਗਈਆਂ ਵੱਖ ਵੱਖ ਯੋਜਨਾਵਾਂ ਦੀ ਗੱਲ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਲੋਕ ਆਉਂਦੀਆਂ ਚੋਣਾਂ ਦੌਰਾਨ ਭਾਜਪਾ ਸਰਕਾਰ ਦੇ ਸੱਤ ਸਾਲ ਅਤੇ ਕਾਂਗਰਸ ਦੇ 70 ਸਾਲਾਂ ਦੀ ਤੁਲਨਾ ਜ਼ਰੂਰ ਕਰਨਗੇ। ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਕਿ ਨਾਗਰਿਕਤਾ ਸੋਧ ਐਕਟ ਦੇ ਵਿਰੋਧ ’ਚੋਂ ਨਿਕਲੀਆਂ ਪਾਰਟੀਆਂ ਉਸ ਕਾਂਗਰਸ ਪਾਰਟੀ ਦੀ ਸਹਾਇਤਾ ਕਰ ਰਹੀਆਂ ਹਨ ਜਿਸ ਨੇ ਅਸਾਮ ’ਚ ਵਿਦੇਸ਼ੀਆਂ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਗੋਲੀਆਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਇਸ ਲਈ ਬਣਾਈਆਂ ਗਈਆਂ ਹਨ ਤਾਂ ਜੋ ਭਾਜਪਾ ਦੀਆਂ ਵੋਟਾਂ ਕੱਟੀਆਂ ਜਾ ਸਕਣ ਅਤੇ ਕਾਂਗਰਸ ਦੀ ਸਹਾਇਤਾ ਕੀਤੀ ਜਾ ਸਕੇ ਪਰ ਉਹ ਆਪਣੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣਗੀਆਂ।
ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਵੀ ਅਸਾਮ ਅਤੇ ਉੱਤਰ-ਪੂਰਬ ਤੋਂ ਮੂੰਹ ਨਹੀਂ ਮੋੜਨਗੇ ਅਤੇ ਉਹ ਖ਼ਿੱਤੇ ਨੂੰ ਮੁਲਕ ਦਾ ਵਿਕਾਸ ਇੰਜਣ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸ੍ਰੀ ਮੋਦੀ ਨੇ 35 ਵਾਰ ਉੱਤਰ-ਪੂਰਬ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖ਼ਿੱਤੇ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾਣ ਦੇ ਨਾਲ ਨਾਲ ਇਸ ਨੂੰ ਭ੍ਰਿਸ਼ਟਾਚਾਰ, ਹਿੰਸਾ ਅਤੇ ਘੁਸਪੈਠ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਹਨ। ਬਾਅਦ ’ਚ ਮਹਾ ਮ੍ਰਿਤੁੰਜਯ ਮੰਦਰ ’ਚ ਮਹਾਯੱਗ ’ਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਖ਼ਿੱਤਾ ਜਦੋਂ ਤੱਕ ਮੁਲਕ ਦੀ ਜੀਡੀਪੀ ’ਚ ਵੱਡਾ ਯੋਗਦਾਨ ਪਾਉਣਾ ਸ਼ੁਰੂ ਨਹੀਂ ਕਰ ਦੇਵੇਗਾ, ਸਰਕਾਰ ਉਸ ਦੇ ਵਿਕਾਸ ਲਈ ਡਟੀ ਰਹੇਗੀ। -ਪੀਟੀਆਈ