ਚਿਤਰਕੂਟ (ਉੱਤਰ ਪ੍ਰਦੇਸ਼), 30 ਦਸੰਬਰ
ਇੱਥੋਂ ਦੇ ਪਿੰਡ ਪ੍ਰਸਿੱਧਪੁਰ ਵਿੱਚ ਗੁਆਂਢੀ ਨੇ ਇਕ ਸਥਾਨਕ ਕਾਂਗਰਸੀ ਆਗੂ ਤੇ ਉਸ ਦੇ ਭਤੀਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੂਹਰੇ ਕਤਲਕਾਂਡ ਤੋਂ ਬਾਅਦ ਪਹਾੜੀ ਪੁਲੀਸ ਥਾਣੇ ਦੇ ਮੁਖੀ ਸ਼ਰਵਣ ਕੁਮਾਰ ਸਿੰਘ ਨੂੰ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।
ਐੱਸ.ਪੀ. ਅੰਕਿਤ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਅਸ਼ੋਕ ਪਟੇਲ (55) ਦੀ ਗੁਆਂਢੀ ਕਮਲੇਸ਼ ਕੁਮਾਰ ਨਾਲ ਪੁਰਾਣੀ ਰੰਜਿਸ਼ ਸੀ। ਇਸੇ ਰੰਜਿਸ਼ ਤਹਿਤ ਕਮਲੇਸ਼ ਕੁਮਾਰ ਲੰਘੀ ਰਾਤ ਕਾਂਗਰਸੀ ਆਗੂ ਦੇ ਘਰ ਆਇਆ ਅਤੇ ਆਪਣੀ ਰਾਈਫ਼ਲ ਨਾਲ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਅਸ਼ੋਕ ਪਟੇਲ ਤੇ ਉਸ ਦੇ 28 ਸਾਲਾ ਭਤੀਜੇ ਸ਼ੁਭਮ ਦੀ ਗੋਲੀਆਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਉਪਰੰਤ ਪਟੇਲ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਹੇਠ ਕਰ ਲਿਆ। ਮੁਲਜ਼ਮ ਫ਼ਰਾਰ ਹੈ।
-ਪੀਟੀਆਈ