ਨਵੀਂ ਦਿੱਲੀ: ਕਾਂਗਰਸੀ ਨੇਤਾ ਕੀਰਤੀ ਆਜ਼ਾਦ ਅੱਜ ਇੱਥੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਦੌਰਾਨ ਟੀਐੱਮਸੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਜ਼ਾਦ ਤੋਂ ਇਲਾਵਾ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਸਾਬਕਾ ਜਨਰਲ ਸਕੱਤਰ ਪਵਨ ਵਰਮਾ ਵੀ ਟੀਐੱਮਸੀ ਵਿੱਚ ਸ਼ਾਮਲ ਹੋਏ ਹਨ। ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਕੀਰਤੀ ਆਜ਼ਾਦ ਨੇ ਕਿਹਾ, ‘‘ਮੈਂ, ਮਮਤਾ ਬੈਨਰਜੀ ਦੇ ਅਗਵਾਈ ਹੇਠ ਕੰਮ ਕਰਾਂਗਾ ਅਤੇ ਮੈਂ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਕਰ ਰਿਹਾ ਹਾਂ। ਭਾਜਪਾ ਦੀ ਰਾਜਨੀਤੀ ‘ਵੰਡਪਾਊ’ ਹੈ ਤੇ ਅਸੀਂ ਇਸ ਦਾ ਮੁਕਾਬਲਾ ਕਰਾਂਗੇ। ਅੱਜ ਦੇਸ਼ ਵਿੱਚ ਉਨ੍ਹਾਂ (ਮਮਤਾ ਬੈਨਰਜੀ) ਵਰਗੀ ਸ਼ਖਸੀਅਤ ਦੀ ਲੋੜ ਹੈ, ਜੋ ਇਸ ਲੜਾਈ ਨੂੰ ਸਹੀ ਦਿਸ਼ਾ ਦਿਖਾ ਸਕਦੀ ਹੈ।’’
ਪਵਨ ਵਰਮਾ, ਜਿਹੜੇ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਬਕਾ ਸਲਾਹਕਾਰ ਹਨ, ਨੂੰ 2020 ਵਿੱਚ ਜਨਤਾ ਦਲ (ਯੂ) ਵਿੱਚੋਂ ਕੱਢ ਦਿੱਤਾ ਗਿਆ ਸੀ। ਜੁਲਾਈ 2016 ਤੱਕ ਉਹ ਸੰਸਦ ਮੈਂਬਰ ਰਹੇ। ਉਹ ਜੇਡੀਯੂ ਦੇ ਕੌਮੀ ਜਨਰਲ ਸਕੱਤਰ ਅਤੇ ਤਰਜਮਾਨ ਵੀ ਸਨ। ਵਰਮਾ ਨੇ ਕਿਹਾ, ‘‘ਮੌਜੂਦਾ ਸਿਆਸੀ ਹਾਲਾਤ ਅਤੇ ਮਮਤਾ ਬੈਨਰਜੀ ਦੀ ਸਮਰੱਥਾ ਨੂੰ ਦੇਖਦਿਆਂ, ਮੈਂ ਅੱਜ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਇਆ ਹਾਂ।’’
ਇਸੇ ਦੌਰਾਨ ਅੱਜ ਸ਼ਾਮ ਕਾਂਗਰਸੀ ਨੇਤਾ ਅਸ਼ੋਕ ਤੰਵਰ ਵੀ ਟੀਐੱਮਸੀ ਵਿੱਚ ਸ਼ਾਮਲ ਹੋ ਗਏ। ਤੰਵਰ ਨੇ 2019 ਵਿੱਚ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਅਤੇ ਆਪਣੀ ਪਾਰਟੀ ਵੀ ਸ਼ੁਰੂ ਕੀਤੀ ਸੀ। ਅਸ਼ੋਕ ਤੰਵਰ ਸਿਰਸਾ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਵੀ ਰਹੇ ਹਨ।
ਜ਼ਿਕਰਯੋਗ ਹੈ ਕਿ 1983 ਦਾ ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰ ਕੀਰਤੀ ਆਜ਼ਾਦ ਨੂੰ ਦਸੰਬਰ 2015 ਵਿੱਚ ਭਾਜਪਾ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਆਜ਼ਾਦ ਨੇ ਤਤਕਾਲੀ ਕੇਂਦਰੀ ਮੰਤਰੀ ਅਰੁਣ ਜੇਤਲੀ (ਮਰਹੂਮ) ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਨੂੰ ਖੁੱਲ੍ਹੇਆਮ ਨਿਸ਼ਾਨਾ ਬਣਾਇਆ ਸੀ। ਕੀਰਤੀ ਆਜ਼ਾਦ 2018 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। -ਪੀਟੀਆਈ