ਦੇਹਰਾਦੂਨ, 6 ਜਨਵਰੀ
ਫਿਰੋਜ਼ਪੁਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਖਾਮੀ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਾਰਟੀ ਨੂੰ ਇਸ ਗੰਭੀਰ ਖਾਮੀ ਲਈ ਮੁਆਫ਼ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੀ ਨੁਮਾਇੰਦਗੀ ਕਰਦੇ ਹਨ ਤੇ ਉਨ੍ਹਾਂ ਦਾ ਦਫ਼ਤਰ ਇੱਕ ਅਜਿਹੀ ਸੰਸਥਾ ਹੈ ਜਿਸ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਪੰਜਾਬ ’ਚ ਕਾਂਗਰਸ ਸੱਤਾ ਵਿੱਚ ਹੈ। ਕੀ ਅਸੀਂ ਅਜਿਹੀ ਸੁਰੱਖਿਆ ਖਾਮੀ ਦੀ ਕਲਪਨਾ ਕਰ ਸਕਦੇ ਸੀ ਜਿਵੇਂ ਦੀ ਕੱਲ ਪ੍ਰਧਾਨ ਮੰਤਰੀ ਦੇ ਕਾਫਲੇ ਨਾਲ ਹੋਈ?’ ਉੱਤਰਕਾਸ਼ੀ ’ਚ ਭਾਜਪਾ ਦੀ ਸੰਕਲਪ ਯਾਤਰਾ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ‘ਜੇਕਰ ਅਸੀਂ ਪ੍ਰਧਾਨ ਮੰਤਰੀ ਵਰਗੀਆਂ ਸੰਸਥਾਵਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੇ ਤਾਂ ਦੀਆਂ ਜਮਹੂਰੀ ਸੰਸਥਾਵਾਂ ਨੂੰ ਬਚਾਉਣਾ ਮੁਸ਼ਕਲ ਹੋਵੇਗਾ।’ ਉਨ੍ਹਾਂ ਕਿਹਾ, ‘ਮੈਂ ਵੀ ਮੁੱਖ ਮੰਤਰੀ ਰਹਿ ਚੁੱਕਾ ਹਾਂ ਅਸੀਂ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਦੀ ਸਵੀਕਾਰ ਨਹੀਂ ਕੀਤੀ।’ -ਪੀਟੀਆਈ
ਪਾਕਿਸਤਾਨ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ ਭਾਰਤ: ਰਾਜਨਾਥ
ਦੇਹਰਾਦੂਨ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਜੰਮੂ ਕਸ਼ਮੀਰ ’ਚ ਆਪਣੀਆਂ ਗੜਬੜ ਫੈਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਭਾਰਤ ਸਾਰਿਆਂ ਨਾਲ ਤੇ ਖਾਸ ਕਰਕੇ ਆਪਣੇ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ, ਕਿਉਂਕਿ ਦੋਸਤ ਬਦਲੇ ਜਾ ਸਕਦੇ ਹਨ ਪਰ ਗੁਆਂਢੀ ਨਹੀਂ। ਪਰ ਪਾਕਿਸਤਾਨ ਇਹ ਗੱਲ ਨਹੀਂ ਸਮਝ ਰਿਹਾ ਅਤੇ ਜੰਮੂ ਕਸ਼ਮੀਰ ’ਚ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਿਹਾ ਹੈ।’ ਉਨ੍ਹਾਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਟਲ ਜੀ ਪਾਕਿਸਤਾਨ ਗਏ ਸੀ ਕਿਉਂਕਿ ਉਹ ਚੰਗੇ ਰਿਸ਼ਤੇ ਚਾਹੁੰਦੇ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਗੁਆਂਢੀ ਮੁਲਕ ਨੇ ਜੰਮੂ ਕਸ਼ਮੀਰ ’ਚ ਆਪਣੀਆਂ ਗਤੀਵਿਧੀਆਂ ਬੰਦ ਨਹੀਂ ਕੀਤੀਆਂ। ਹਾਲਾਂਕਿ ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਕਰਨਾ ਪਵੇਗਾ।’ -ਪੀਟੀਆਈ