ਨਵੀਂ ਦਿੱਲੀ, 7 ਨਵੰਬਰ
ਕਾਂਗਰਸ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਇਕ ਲੇਖ ਨੂੰ ਲੈ ਕੇ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਵੱਲੋਂ ਕੀਤੇ ਗਏ ਹਮਲੇ ਮਗਰੋਂ ਵੀਰਵਾਰ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਅਪਮਾਨਿਤ ਕਰਕੇ ਆਪਣੇ ‘ਨਵੇਂ ਆਕਾਵਾਂ’ ਪ੍ਰਤੀ ਵਫ਼ਾਦਾਰੀ ਸਾਬਤ ਕਰਨ ’ਚ ਲੱਗੇ ਹੋਏ ਹਨ ਜਿਨ੍ਹਾਂ ਉਸ ਨੂੰ ਇਸ ਮੁਕਾਮ ’ਤੇ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘‘ਸ੍ਰੀਮਾਨ ਸਿੰਧੀਆ ਜੀ, ਤੁਸੀਂ ਰਾਹੁਲ ਗਾਂਧੀ ਵੱਲੋਂ ਅਜ਼ਾਰੇਦਾਰੀ ਕਾਰੋਬਾਰ ਬਾਰੇ ਕੀਤੀ ਗਈ ਟਿੱਪਣੀ ਨੂੰ ਨਿੱਜੀ ਤੌਰ ’ਤੇ ਲੈ ਲਿਆ ਹੈ। ਇਕ ਕੰਪਨੀ ਨੇ ਮੁਲਕ ਦੇ ਨਵਾਬਾਂ, ਰਾਜਿਆਂ ਅਤੇ ਰਾਜਕੁਮਾਰਾਂ ਨੂੰ ਡਰਾ ਕੇ ਤੇ ਗੁਲਾਮ ਬਣਾ ਕੇ ਭਾਰਤ ਨੂੰ ਲੁੱਟਿਆ ਸੀ।’’ ਉਨ੍ਹਾਂ ਕਿਹਾ ਕਿ 1857 ਈਸਵੀ ਦੇ ਆਜ਼ਾਦੀ ਸੰਘਰਸ਼ ਸਮੇਂ ਗਵਾਲੀਅਰ ਦੇ ਸਿੰਧੀਆ ਪਰਿਵਾਰ ਦੀ ਭੂਮਿਕਾ ਗੁੰਝਲਦਾਰ ਸੀ ਅਤੇ ਗਵਾਲੀਅਰ ਦੇ ਤਤਕਾਲੀ ਸ਼ਾਸਕ ਸ੍ਰੀਮੰਤ ਜਯਾਜੀਰਾਓ ਸਿੰਧੀਆ ਨੇ ਬਾਗ਼ੀਆਂ ਖ਼ਿਲਾਫ਼ ਕਾਰਵਾਈ ਲਈ ਈਸਟ ਇੰਡੀਆ ਕੰਪਨੀ ਦੀ ਮਦਦ ਵਾਸਤੇ ਆਪਣੀ ਫੌਜ ਭੇਜੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀਮੰਤ ਨੇ ਅਜ਼ਾਰੇਦਾਰੀ ਦੀ ਹਮਾਇਤ ਕੀਤੀ ਸੀ। ਖੇੜਾ ਨੇ ‘ਐਕਸ’ ’ਤੇ ਕਿਹਾ ਕਿ ਸ੍ਰੀਮੰਤ ਦੀ ਦੇਸ਼ਭਗਤੀ ’ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਹ ਉਸ ਸਮੇਂ ਦਬਾਅ ਹੇਠ ਹੋ ਸਕਦੇ ਹਨ ਅਤੇ ਰਾਹੁਲ ਗਾਂਧੀ ਨੇ ਵੀ ਆਪਣੇ ਲੇਖ ’ਚ ਇਸੇ ਦਬਾਅ ਦਾ ਜ਼ਿਕਰ ਕੀਤਾ ਹੈ। -ਪੀਟੀਆਈ