ਨਵੀਂ ਦਿੱਲੀ, 10 ਜੂਨ
ਕਾਂਗਰਸ ਆਗੂ ਜਿਤਿਨ ਪ੍ਰਸਾਦ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਕ ਦਿਨ ਮਗਰੋਂ ਸੀਨੀਅਰ ਪਾਰਟੀ ਆਗੂ ਐੱਮ.ਵੀਰੱਪਾ ਮੋਇਲੀ ਨੇ ਅੱਜ ਕਿਹਾ ਕਿ ਕਾਂਗਰਸ ਨੂੰ ‘ਵੱਡੀ ਸਰਜਰੀ’ ਦੀ ਲੋੜ ਹੈ ਤੇ ਮਹਿਜ਼ ਵਿਰਾਸਤ ਦੇ ਸਿਰ ’ਤੇ ਨਿਰਭਰ ਨਹੀਂ ਕੀਤਾ ਜਾ ਸਕਦਾ। ਮੋਇਲੀ ਨੇ ਜ਼ੋਰ ਦੇ ਕੇ ਆਖਿਆ ਕਿ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਆਗੂਆਂ ਨੂੰ ਕੋਈ ਵੀ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਵਿਚਾਰਧਾਰਕ ਪ੍ਰਤੀਬੱਧਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਜਿਤਿਨ ਪ੍ਰਸਾਦ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਾਬਕਾ ਕਾਂਗਰਸੀ ਆਗੂ ਨੇ ਸਭ ਕਾਸੇ ਨਾਲੋਂ ‘ਨਿੱਜੀ ਇੱਛਾਵਾਂ’ ਨੂੰ ਸਭ ਤੋਂ ਉਪਰ ਰੱਖਿਆ। ਮੋਇਲੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨਾਲ ਸਬੰਧਤ ਆਗੂ (ਪ੍ਰਸਾਦ) ਦੀ ਵਿਚਾਰਧਾਰਕ ਪ੍ਰਤੀਬੱਧਤਾ ਪਹਿਲਾਂ ਹੀ ਸ਼ੱਕ ਦੇ ਘੇਰੇ ਵਿੱਚ ਸੀ। ਉਨ੍ਹਾਂ ਕਿਹਾ ਕਿ ਪ੍ਰਸਾਦ ਦੀ ਅਗਵਾਈ ਵਿੱਚ ਪੱਛਮੀ ਬੰਗਾਲ ਦੀਆਂ ਹਾਲੀਆ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਹੱਥ ਇਕ ਵੀ ਸੀਟ ਨਾ ਆਉਣ ਤੋਂ ਸਾਫ਼ ਹੈ ਕਿ ਉਹ ਨਾਕਾਬਲ ਸੀ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਮੋਇਲੀ ਨੇ ਕਿਹਾ ਕਿ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨੂੰ ਪਾਰਟੀ ਵਿੱਚ ਆਗੂਆਂ ਦੀ ਢੁੱਕਵੀਂ ਸਮੀਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ‘ਜੇ ਕੋਈ ਆਗੂ ਕਾਬਲ ਨਹੀਂ ਹੈ ਤਾਂ ਉਸ ਨੂੰ ਲੋਕਾਂ ਦਾ ਆਗੂ ਨਾ ਥਾਪਿਆ ਜਾਵੇ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਕੁਝ ਚੀਜ਼ਾਂ ਬਾਰੇ ਮੁੜ ਸੋਚਣ ਦੇ ਨਾਲ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਹੋਵੇਗੀ ਤਾਂ ਹੀ ਪਾਰਟੀ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕਦਾ ਹੈ। ਮੋਇਲੀ ਨੇ ਪਾਰਟੀ ਹਾਈ ਕਮਾਨ ਨੂੰ ਕੁਝ ਸੁਝਾਅ ਦਿੰਦਿਆਂ ਕਿਹਾ, ‘ਸਹੀ ਬੰਦਿਆਂ ਨੂੰ ਸਹੀ ਥਾਂ ਸਿਰ ਰੱਖ ਕੇ ਪਾਰਟੀ ਨੂੰ ਨਵੇਂ ਸਿਰੇ ਤੋਂ ਜਥੇਬੰਦ ਕੀਤਾ ਜਾਵੇ। ਅਸਮਰੱਥ ਵਿਅਕਤੀ, ਜੋ ਨਤੀਜੇ ਨਹੀਂ ਦੇ ਸਕਦੇ, ਨੂੰ ਜ਼ਿੰਮੇਵਾਰੀ ਵਾਲੇ ਅਹੁਦਿਆਂ ’ਤੇ ਨਾ ਲਾਇਆ ਜਾਵੇ। ਇਹ ਇਕ ਸਬਕ ਹੈ ਤੇ ਕਾਂਗਰਸ ਪਾਰਟੀ ਨੂੰ ਅੰਤਰ ਝਾਤ ਮਾਰਨ ਦੀ ਲੋੜ ਹੈ।’’ ਕੀ ਪ੍ਰਸਾਦ ਦਾ ਕਾਂਗਰਸ ਨੂੰ ਬੇਦਾਵਾ ਕਾਂਗਰਸ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਲਈ ਕੋਈ ਸੁਨੇਹਾ ਹੈ, ਬਾਰੇ ਪੁੱਛੇ ਜਾਣ ’ਤੇ ਮੋਇਲੀ ਨੇ ਕਿਹਾ ਕਿ ਅਹਿਮ ਅਹੁਦਿਆਂ ’ਤੇ ਨਿਯੁਕਤੀਆਂ ਮੌਕੇ ਆਗੂਆਂ ਦੇ ਪਿਛੋਕੜ, ਵਿਚਾਰਧਾਰਾ ਤੇ ਉਨ੍ਹਾਂ ਦੀ ਆਮ ਲੋਕਾਂ ਤੱਕ ਪਹੁੰਚ ਨੂੰ ਅਹਿਮੀਅਤ ਦਿੱਤੀ ਜਾਵੇ। ਮੋਇਲੀ, ਜਿਨ੍ਹਾਂ 2019 ਦੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਨਮੋਸ਼ੀਜਨਕ ਹਾਰ ਮਗਰੋਂ ਕਾਂਗਰਸ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦਾ ਸੁਝਾਅ ਦਿੱਤਾ ਸੀ, ਨੇ ਕਿਹਾ ਕਿ ਪਾਰਟੀ ਲੰਮੇ ਸਮੇਂ ਤੋਂ ‘ਵੱਡੀ ਸਰਜਰੀ’ ਟਾਲਦੀ ਆ ਰਹੀ ਹੈ, ਜਿਸ ਦੀ ‘‘ਹੁਣ ਇਸੇ ਵੇਲੇ ਲੋੜ ਹੈ, ਅਸੀਂ ਕੱਲ੍ਹ ਦੀ ਉਡੀਕ ਨਹੀਂ ਕਰ ਸਕਦੇ।’’ ਕਾਬਿਲੇਗੌਰ ਹੈ ਕਿ ਮੋਇਲੀ ਉਨ੍ਹਾਂ 23 ਆਗੂਆਂ ਦੇ ਸਮੂਹ ਵਿੱਚ ਵੀ ਸ਼ਾਮਲ ਸਨ, ਜਿਨ੍ਹਾਂ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਪਿਛਲੇ ਸਾਲ ਅਗਸਤ ਵਿੱਚ ਪੱਤਰ ਲਿਖ ਕੇ ਪਾਰਟੀ ਵਿੱਚ ਵੱਡੇ ਫੇਰਬਦਲ ਦੀ ਅਪੀਲ ਕੀਤੀ ਸੀ। -ਪੀਟੀਆਈ