ਨਵੀਂ ਦਿੱਲੀ, 27 ਮਈ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀ ਬਰਸੀ ’ਤੇ ਕਾਂਗਰਸ ਨੇ ਅੱਜ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ੍ਰੀ ਨਹਿਰੂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਪ੍ਰਤੀ ਵਿਚਾਰ, ਸਿਆਸਤ ਅਤੇ ਨਜ਼ਰੀਆ ਉਨ੍ਹਾਂ ਦੀ ਮੌਤ ਦੇ 58 ਵਰ੍ਹਿਆਂ ਬਾਅਦ ਵੀ ਤਰਕਸੰਗਤ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਹਿਰੂ ਨੇ ਜਮਹੂਰੀ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਪਰ ਭਾਜਪਾ ਵੱਲੋਂ ਅਦਾਰਿਆਂ ਨੂੰ ਢਾਹ ਲਗਾ ਕੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ‘ਭਾਰਤ ਜੋੜੋ’ ਦੀ ਬਹੁਤ ਜ਼ਿਆਦਾ ਲੋੜ ਹੈ। ਕਾਂਗਰਸ ਵੱਲੋਂ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ’ ਯਾਤਰਾ ਦਾ ਐਲਾਨ ਕੀਤਾ ਗਿਆ ਹੈ। ਇਕ ਹੋਰ ਟਵੀਟ ’ਚ ਉਨ੍ਹਾਂ ਨਹਿਰੂ ਦੀਆਂ ਦੁਨੀਆ ਦੇ ਹੋਰ ਆਗੂਆਂ ਨਾਲ ਤਸਵੀਰਾਂ ਵਾਲਾ ਵੀਡੀਓ ਵੀ ਸਾਂਝਾ ਕੀਤਾ ਹੈ।
ਸ੍ਰੀ ਨਹਿਰੂ ਅਗਸਤ 1947 ਤੋੋਂ ਮਈ 1964 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦਾ ਦੇਹਾਂਤ 27 ਮਈ, 1964 ’ਚ ਹੋਇਆ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਨਹਿਰੂ ਦੀ 58ਵੀਂ ਬਰਸੀ ’ਤੇ ਇਥੇ ਸ਼ਾਂਤੀ ਵਣ ’ਚ ਉਨ੍ਹਾਂ ਦੀ ਸਮਾਧ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਨਹਿਰੂ ਨੂੰ ਬਹਾਦਰ ਆਜ਼ਾਦੀ ਸੰਗਰਾਮੀ, ਆਧੁਨਿਕ ਭਾਰਤ ਦੇ ਨਿਰਮਾਤਾ, ਉੱਘੇ ਸਿਆਸਤਦਾਨ, ਦਾਰਸ਼ਨਿਕ, ਦੇਸ਼ ਭਗਤ ਅਤੇ ਭਾਰਤ ਦਾ ਸੱਚਾ ਸਪੂਤ ਕਰਾਰ ਦਿੱਤਾ। ਪਾਰਟੀ ਨੇ ਟਵੀਟ ਕਰਕੇ ਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਦੀ ਬਰਸੀ ’ਤੇ ਉਨ੍ਹਾਂ ਨੂੰ ਕੋਟਨਿ-ਕੋਟ ਸਲਾਮ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸਮੇਤ ਹੋਰ ਕਈ ਸੀਨੀਅਰ ਆਗੂਆਂ ਨੇ ਵੀ ਸ੍ਰੀ ਨਹਿਰੂ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। -ਪੀਟੀਆਈ
ਮੋਦੀ ਵੱਲੋਂ ਵੀ ਨਹਿਰੂ ਨੂੰ ਸ਼ਰਧਾਂਜਲੀ ਭੇਟ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਵਾਹਰਲਾਲ ਨਹਿਰੂ ਨੂੰ ਅੱਜ ਉਨ੍ਹਾਂ ਦੀ ਬਰਸੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ,‘‘ਪੰਡਿਤ ਜਵਾਹਰਲਾਲ ਨਹਿਰੂ ਜੀ ਨੂੰ ਉਨ੍ਹਾਂ ਦੀ ਬਰਸੀ ’ਤੇ ਨਮਨ।’’ -ਪੀਟੀਆਈ
ਸਿੱਧਾਰਮੱਈਆ ਨੇ ਆਰਐੱਸਐੱਸ ਨੂੰ ਘੇਰਿਆ
ਬੰਗਲੂਰੂ: ਕਾਂਗਰਸੀ ਨੇਤਾ ਸਿੱਧਾਰਮੱਈਆ ਨੇ ਇੱਥੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਆਰਐੱਸਐੱਸ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਕੀ ਉਹ ‘ਮੂਲ ਭਾਰਤੀ’’, ‘ਦ੍ਰਾਵਿੜ’’ ਜਾਂ ‘‘ਆਰੀਅਨ’’ ਹਨ? ਉਨ੍ਹਾਂ ਦੋਸ਼ ਲਾਇਆ ਕਿ ਮੁਗਲਾਂ ਤੇ ਬਰਤਾਨਵੀ ਸ਼ਾਸਕਾਂ ਵੱਲੋਂ ਕੀਤੇ ਹਮਲਿਆਂ ਤੇ ਉਨ੍ਹਾਂ ਵੱਲੋਂ ਲੰਮਾ ਸਮਾਂ ਕੀਤੇ ਰਾਜ ਦੌਰਾਨ ਭਾਰਤੀ ਭਾਈਚਾਰਿਆਂ ਵਿੱਚ ਏਕਤਾ ਦੀ ਘਾਟ ਰੜਕਦੀ ਰਹੀ ਸੀ। ਦੂਜੇ ਪਾਸੇ ਕਈ ਭਾਜਪਾ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਦੀਆਂ ਇਨ੍ਹਾਂ ਟਿੱਪਣੀਆਂ ’ਤੇ ਸਖ਼ਤ ਪ੍ਰਤੀਕਰਮ ਦਿੱਤਾ ਹੈ। -ਪੀਟੀਆਈ